ਗਰੀਬ ਲੋਕਾਂ ’ਤੇ ਅੱਤਿਆਚਾਰ ਜਾਰੀ, ਪੀੜਤ ਪਰਿਵਾਰ ਇਨਸਾਫ਼ ਲਈ ਖੱਜਲ-ਖੁਆਰ

ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਸਾਂਝਾ ਘੋਲ ਸ਼ੁਰੂ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਬਾਜ਼ੀਗਰ (ਬਨਜਾਰਾ) ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮਾ. ਬਲਵਿੰਦਰ ਸਿੰਘ ਅਲੀਪੁਰ ਨੇ ਹੁਕਮਰਾਨਾਂ ’ਤੇ ਵਰ੍ਹਦਿਆਂ ਕਿਹਾ ਕਿ ਆਮ ਲੋਕਾਂ ਵੱਲੋਂ ਚੁਣੀ ਗਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨ ਵਿੱਚ ਸਰਕਾਰੀ ਤੰਤਰ ਨਾਲ ਜੁੜੇ ਕੁੱਝ ਖਾਸ ਲੋਕ ਗਰੀਬਾਂ ਨਾਲ ਧੱਕਾ ਕਰ ਰਹੇ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਲਿਤ ਆਗੂਆਂ ਨੇ ਕਿਹਾ ਕਿ 2 ਜੁਲਾਈ 2022 ਨੂੰ ਕਰਮਜੀਤ ਕੌਰ ਪਤਨੀ ਰਵੀ ਸਿੰਘ ਵਾਸੀ ਪਿੰਡ ਚੋਲਟਾਂ ਕਲਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਹਮਲਾਵਰ ਖ਼ੁਦ ਨੂੰ ਭਗਵੰਤ ਮਾਨ ਵਜ਼ਾਰਤ ਦੇ ਇੱਕ ਕੈਬਨਿਟ ਮੰਤਰੀ ਦੇ ਖਾਸ ਦੱਸਦੇ ਸਨ। ਪੀੜਤ ਪਰਿਵਾਰ ਦੀ ਪੁਲੀਸ ਨੇ ਗੱਲ ਤੱਕ ਨਹੀਂ ਸੁਣੀ ਜਦੋਂਕਿ ਹਮਲਾਵਰਾਂ ਨੇ ਸਿਆਸੀ ਰਸੂਖ ਵਰਤਦੇ ਹੋਏ ਉਲਟਾ ਪੀੜਤ ਪਰਿਵਾਰ ਵਿਰੁੱਧ ਹੀ ਖਰੜ ਸਦਰ ਥਾਣੇ ਵਿੱਚ ਕੁੱਟਮਾਰ ਕਰਨ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ। ਪੁਲੀਸ ਨੇ ਉਨ੍ਹਾਂ ਦੇ ਤਿੰਨ ਮੋਟਰਸਾਈਕਲ ਅਤੇ ਇੱਕ ਐਕਟਿਵਾ ਥਾਣੇ ਵਿੱਚ ਬੰਦ ਕਰ ਦਿੱਤੇ।
ਆਗੂਆਂ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਪੀੜਤ ਪਰਿਵਾਰ ਮਹੀਨੇ ਤੋਂ ਆਪਣੇ ਘਰੋਂ ਬਾਹਰ ਸੜਕਾਂ ’ਤੇ ਡਰ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰੀਬ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਇਨਸਾਫ਼ ਅਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।
ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ, ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਐਸਸੀ ਕਮਿਸ਼ਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਪ੍ਰੰਤੂ ਪਿਛਲੇ 6 ਮਹੀਨੇ ਬੀਤ ਜਾਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝਾ ਘੋਲ ਆਰੰਭਿਆ ਜਾਵੇਗਾ।
ਇਸ ਮੌਕੇ ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕਿਰਪਾਲ ਸਿੰਘ ਮੁੰਡੀ ਖਰੜ, ਕਰਮਵੀਰ ਸਿੰਘ, ਸੌਰਵ, ਸ਼ੰਕਰ ਵਿਸ਼ਨੂੰ, ਮੋਹਿਤ ਵਰਮਾ, ਅਮਰਜੀਤ ਸਿੰਘ, ਸਰਬਜੀਤ ਸਿੰਘ ਸੇਵਾਮੁਕਤ ਪ੍ਰਿੰਸੀਪਲ, ਦੇਸ ਰਾਜ ਛਾਜਲੀ, ਸੋਨੀਆ ਰਾਣੀ, ਦਿਆਲੋ ਦੇਵੀ, ਬਲਕਾਰ ਸਿੰਘ ਬਲੌਂਗੀ, ਰਵੀ ਸਿੰਘ, ਕਰਮਜੀਤ ਕੌਰ, ਗੁਰਮੇਲ ਕੌਰ, ਜਸਕਰਨ, ਅਜਮੇਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…