
ਆਟਾ-ਦਾਲ: ਪਿੰਡ ਕੁੰਭੜਾ ਦੇ 86 ਪਰਿਵਾਰਾਂ ਦੇ ਨੀਲੇ ਕਾਰਡਾਂ ਉੱਤੇ ਫੇਰੀ ‘ਲਾਲ ਲਕੀਰ’
ਪੀੜਤ ਲਾਭਪਾਤਰੀਆਂ ਵੱਲੋਂ ਪੱਖਪਾਤ ਦਾ ਦੋਸ਼, ਜ਼ਿਲ੍ਹਾ ਪ੍ਰਸ਼ਾਸਨ ਤੇ ਹੁਕਮਰਾਨਾਂ ਨੂੰ ਕੋਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿਚਲੇ ਗਰੀਬੀ ਰੇਖਾਂ ਤੋਂ ਹੇਠਾਂ ਆਉਣ ਵਾਲੇ ਅਨੋਦਿਆ ਉੱਤੇ ਨੀਲੇ ਕਾਰਡ ਧਾਰਕਾਂ ਵੱਲੋਂ ਅਕਾਲੀ ਦਲ ਦੀ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਅਤੇ ਉਸ ਦੇ ਪਤੀ ਹਰਮੇਸ਼ ਸਿੰਘ ਉੱਤੇ ਕਰੀਬ 86 ਲੋਕਾਂ ਨੇ ਨੀਲੇ ਕਾਰਡ ਨਿਊਂ ਕਰਨ ਵੇਲੇ ਪਾਰਟੀਬਾਜ਼ੀ ਦੇ ਚੱਲਦਿਆਂ ਜਾਣਬੁੱਝ ਕੇ ਦਸਤਾਵੇਜ਼ ਜਮ੍ਹਾ ਨਾ ਕਰਵਾਉਣ ਦੇ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ 10 ਲੋਕਾਂ ਦੇ ਕਾਰਡ ਪੂਰੀ ਤਰ੍ਹਾਂ ਰੱਦ ਕਰਵਾਏ ਜਾ ਚੁੱਕੇ ਹਨ। ਇਸ ਸਬੰਧੀ ਸਰਕਾਰੀ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਡਿੱਪੂ ਹੋਲਡਰ ਸੰਜੀਵ ਕੁਮਾਰ ਨੇ ਫੂਡ ਸਪਲਾਈ ਵਿਭਾਗ ਵਿੱਚ ਜਾ ਕੇ ਜਦੋਂ ਨੀਲੇ ਕਾਰਡ ਧਾਰਕਾਂ ਦੀ ਲਿਸਟ ਮੰਗੀ ਤਾਂ ਪਤਾ ਲੱਗਾ ਕਿ 86 ਕਾਰਡ ਧਾਰਕਾਂ ਦੇ ਦਸਤਾਵੇਜ਼ ਉਨ੍ਹਾਂ ਕੋਲ ਪਹੁੰਚੇ ਹੀ ਨਹੀਂ ਹਨ। ਜਿਸ ਵਿੱਚ ਇਕ ਅਨੋਦਿਆ ਕਾਰਡ ਧਾਰਕ ਵੀ ਸ਼ਾਮਲ ਹੈ। ਪੀੜਤ ਪਰਿਵਾਰਾਂ ਨੇ ਅੱਜ ਹੁਕਮਰਾਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਡਿੱਪੂ ਹੋਲਡਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਅਤੇ ਉਸ ਦਾ ਪਤੀ ਹਰਮੇਸ਼ ਸਿੰਘ ਆਪਣੇ ਚਹੇਤੇ ਲੋਕਾਂ ਨੂੰ ਫਾਇਦਾ ਪਹੁੰਚਾ ਰਹੇ ਹਨ ਅਤੇ ਆਪਣੇ ਨਿੱਜੀ ਹਿੱਤਾਂ ਅਤੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਪੀੜਤ ਪਰਿਵਾਰਾਂ ਦੇ ਨੀਲੇ ਕਾਰਡ ਬਣਾਉਣ ਲਈ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਲੋੜੀਂਦੇ ਫਾਰਮ ਹੀ ਜਮ੍ਹਾ ਨਹੀਂ ਕਰਵਾਏ ਗਏ ਹਨ। ਡਿੱਪੂ ਹੋਲਡਰ ਨੇ ਦੱਸਿਆ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਵਿੱਚ ਨੀਲੇ ਕਾਰਡਾਂ ਨੂੰ ਕਣਕ ਵੰਡੀ ਗਈ ਸੀ ਜੋ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੰਡਣ ਲਈ ਕਿਹਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਂਜ ਤਾਂ ਕਾਰਡ ਧਾਰਕਾਂ ਨੂੰ ਛੇ ਮਹੀਨੇ ਬਾਅਦ ਕਣਕ ਅਤੇ ਦਾਲ ਵੰਡੀ ਜਾਂਦੀ ਹੈ ਪਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਤਿੰਨ-ਤਿੰਨ ਮਹੀਨੇ ਬਾਅਦ ਗਰੀਬ ਤਬਕੇ ਦੇ ਲੋਕਾਂ ਨੂੰ ਕਣਕ ਤੇ ਦਾਲਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਪਿੰਡ ਵਾਸੀ ਹਰਮੇਸ਼ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਆਪਣੇ ਚਹੇਤਿਆਂ ਨੂੰ ਬਗੈਰ ਰਾਸ਼ਨ ਕਾਰਡ ਦੇ ਆਧਾਰ ਕਾਰਡ ਉੱਤੇ ਕਣਕ ਵੰਡਣ ਲਈ ਕਿਹਾ ਗਿਆ ਸੀ। ਉਸ ਨੇ ਸਾਫ ਇਨਕਾਰ ਕਰ ਦਿੱਤਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਿਰਫ਼ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਣਾ ਲਾਜ਼ਮੀ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਿੰਡ ਕੁੰਭੜਾ ਵਿਚਲੇ ਨਛੱਤਰ ਸਿੰਘ ਅਤੇ ਵਿਧਵਾ ਸੀਮਾ ਰਾਣੀ ਅਤੇ ਤੇਜਪਾਲ ਸਿੰਘ ਜੋ ਕਿ ਲੋਕਾਂ ਦੇ ਵਿਆਹ ਸ਼ਾਦੀਆਂ ਵਿੱਚ ਝੂਠੇ ਬਰਤਨ ਮਾਂਜ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਸਰਦਾਰਾ ਸਿੰਘ ਅੱਖਾਂ ਤੋਂ ਪੂਰੀ ਤਰ੍ਹਾਂ ਅੰਨਾ ਹੈ, ਉਸ ਨੂੰ ਲਾਭਪਾਤਰੀਆਂ ਦੀ ਸੂਚੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ ਜਦੋਂਕਿ ਫਰਵਰੀ ਮਹੀਨੇ ਵਿੱਚ ਉਕਤ ਲੋਕਾਂ ਨੂੰ ਕਣਕ ਵੰਡੀ ਗਈ ਸੀ। ਇਸ ਸਬੰਧੀ ਜਦੋਂ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਦੇ ਪਤੀ ਹਰਮੇਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਲਾਭਪਾਤਰੀਆਂ ਦੇ ਫਾਰਮ ਦਫ਼ਤਰ ਵਿੱਚ ਜਮ੍ਹਾ ਨਾ ਕਰਵਾਉਣ ਦੇ ਲਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦੱਸਿਆ ਹੈ। ਉਨ੍ਹਾਂ ਡਿੱਪੂ ਹੋਲਡਰ ਸੰਜੀਵ ਕੁਮਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਖ਼ੁਦ ਆਪਣੀ ਮਰਜ਼ੀ ਨਾਲ ਅਕਾਲੀ ਸਮਰਥਕਾਂ ਦੇ ਕਾਰਡ ਲਿਸਟ ਵਿੱਚੋਂ ਕੱਟ ਰਿਹਾ ਹੈ ਜਦੋਂਕਿ ਉਸ ਦੇ ਖ਼ਿਲਾਫ਼ 130 ਸ਼ਿਕਾਇਤਾਂ ਸਬੂਤ ਸਮੇਤ ਉਨ੍ਹਾਂ ਕੋਲ ਮੌਜੂਦ ਹਨ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ।
ਡਿੱਪੂ ਹੋਲਡਰ ਸੰਜੀਵ ਕੁਮਾਰ ਨੇ ਉਨ੍ਹਾਂ ਉੱਤੇ ਪੱਖਪਾਤ ਕਰਨ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਫੂਡ ਸਪਲਾਈ ਵਿਭਾਗ ਨੇ ਉਨ੍ਹਾਂ ਕੋਲ ਸਿਰਫ਼ 100 ਵਿਅਕਤੀ ਦੀ ਸੂਚੀ ਭੇਜੀ ਗਈ ਹੈ ਅਤੇ 10 ਵਿਅਕਤੀਆਂ ਦੇ ਫਾਰਮ ਰੱਦ ਕੀਤੇ ਗਏ ਹਨ। ਜਦੋਂ ਉਨ੍ਹਾਂ 86 ਕਾਰਡਾਂ ’ਤੇ ਲਾਲ ਲਕੀਰ ਮਾਰਨ ਬਾਰੇ ਪੁੱਛਿਆ ਗਿਆ ਤਾਂ ਡਿੱਪੂ ਹੋਲਡਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੀੜਤ ਵਿਅਕਤੀਆਂ ਦੇ ਫਾਰਮ ਦਫ਼ਤਰ ਵਿੱਚ ਜਮ੍ਹਾ ਹੀ ਨਹੀਂ ਕਰਵਾਏ ਗਏ ਹਨ। ਜਿਸ ਕਾਰਨ ਉਨ੍ਹਾਂ ਦੇ ਕਾਰਡ ਨਹੀਂ ਬਣ ਸਕੇ। ਸੰਜੀਵ ਕੁਮਾਰ ਨੇ ਦੱਸਿਆ ਕਿ ਹੁਣ ਪੀੜਤ ਪਰਿਵਾਰਾਂ ਦੇ ਨਵੇਂ ਸਿਰਿਓਂ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਲਏ ਜਾ ਰਹੇ ਹਨ। ਲੋੜੀਂਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਯੋਗ ਲਾਭਪਾਤਰੀਆਂ ਦੇ ਨੀਲੇ ਸਮਾਰਟ ਕਾਰਡ ਬਣਾਏ ਜਾਣਗੇ।