nabaz-e-punjab.com

ਆਜ਼ਾਦ ਗਰੁੱਪ ’ਤੇ ਹਮਲਾ: ਸੋਹਾਣਾ ਪੁਲੀਸ ਵੱਲੋਂ ਯੂਥ ਅਕਾਲੀ ਆਗੂ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਸੋਹਾਣਾ ਪੁਲੀਸ ਨੇ ਐਤਵਾਰ ਨੂੰ ਸੈਕਟਰ-79 ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ ਅਤੇ ਉਨ੍ਹਾਂ ਦੇ ਸਮਰਥਕਾਂ ਉੱਤੇ ਹਮਲਾ ਕਰਨ ਦੇ ਦੋਸ਼ ਹੇਠ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਦੀ ਸ਼ਿਕਾਇਤ ’ਤੇ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ, ਜਗਤਾਰ ਸਿੰਘ ਬਿੱਲਾ, ਹਰਪ੍ਰੀਤ ਸਿੰਘ ਹੈਪੀ ਅਤੇ ਬਲਜਿੰਦਰ ਸਿੰਘ ਗੋਲੂ ਖ਼ਿਲਾਫ਼ ਧਾਰਾ 452, 323, 294, 295ਏ, 506 ਅਤੇ 34 ਅਧੀਨ ਐਫ਼ਆਈਆਰ ਦਰਜ ਕੀਤੀ ਗਈ ਹੈ। ਫਿਲਹਾਲ ਇਹ ਵਿਅਕਤੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਇਸ ਸੰਬੰਧੀ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਸ਼ਿਕਾਇਤ ਦਿੱਤੀ ਸੀ ਕਿ 24 ਜਨਵਰੀ ਨੂੰ ਦੁਪਹਿਰ 1 ਵਜੇ ਦੇ ਕਰੀਬ ਉਹ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮਿਲਣ ਲਈ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ (ਕੋਠੀ ਨੰਬਰ-712 ਸੈਕਟਰ-79 ਮੁਹਾਲੀ) ਵਿਖੇ ਗਏ ਸਨ। ਪਰਵਿੰਦਰ ਸਿੰਘ ਅਨੁਸਾਰ ਸਵਾ ਇੱਕ ਵਜੇ ਦੇ ਕਰੀਬ ਸੁਖਵਿੰਦਰ ਸਿੰਘ ਉਰਫ਼ ਛਿੰਦੀ ਵਾਸੀ ਪਿੰਡ ਬੱਲੋਮਾਜਰਾ ਅਤੇ ਉਸਦਾ ਪੁੱਤਰ ਹਰਪ੍ਰੀਤ ਸਿੰਘ ਹੈਪੀ, ਜਗਤਾਰ ਸਿੰਘ ਉਰਫ਼ ਬਿੱਲਾ ਪਿੰਡ ਛੱਜੂਮਾਜਰਾ ਅਤੇ ਬਲਜਿੰਦਰ ਸਿੰਘ ਉਰਫ਼ ਗੋਲੂ ਪਿੰਡ ਸਹੇੜੀ ਨੇੜੇ ਮੋਰਿੰਡਾ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਲਲਕਾਰੇ ਮਾਰਦੇ ਹੋਏ ਦਫਤਰ ਵਿੱਚ ਵੜ ਗਏ ਅਤੇ ਉਸਦੀ ਕੁੱਟ ਮਾਰ ਕਰਨ ਲੱਗ ਪਏ।
ਸੋਹਾਣਾ ਅਨੁਸਾਰ ਸੁਖਵਿੰਦਰ ਸਿੰਘ ਉਰਫ਼ ਛਿੰਦੀ ਨੇ ਉਸਨੂੰ ਗਾਲ ਕੱਢ ਕੇ ਕਿਹਾ ਕਿ ਸਾਲ 2013 ਵਿਚ ਤੂੰ ਮੈਨੂੰ ਟਰੱਕ ਯੂਨੀਅਨ ਮੁਹਾਲੀ ਦੀ ਪ੍ਰਧਾਨਗੀ ਤੋਂ ਉਤਾਰਿਆ ਸੀ, ਤੂੰ ਵੱਡਾ ਲੀਡਰ ਬਣਿਆ ਫਿਰਦਾ ਸੀ ਅੱਜ ਅਸੀਂ ਤੈਨੂੰ ਜਾਨ ਤੋਂ ਖਤਮ ਕਰ ਦੇਣਾ ਹੈ। ਸੋਹਾਣਾ ਅਨੁਸਾਰ ਉਸ ਵਲੋੱ ਰੌਲਾ ਪਾਉਣ ਤੇ ਉੱਥੇ ਦਫ਼ਤਰ ਵਿੱਚ ਮੌਜੂਦ ਰੋਹਿਤ ਸ਼ਰਮਾ ਉਰਫ ਰਾਜੂ ਵਾਸੀ ਸੋਹਾਣਾ ਅਤੇ ਹੋਰ ਵਿਅਕਤੀ ਉਸ ਨੂੰ ਬਚਾਉਣ ਲਈ ਅੱਗੇ ਆਏ ਤਾਂ ਹਮਲਾਵਰਾ ਨੇ ਰੋਹਿਤ ਸ਼ਰਮਾ ਉਰਫ ਰਾਜੂ ਦੀ ਕੁੱਟਮਾਰ ਕੀਤੀ ਅਤੇ ਕੁਲਵੰਤ ਸਿੰਘ ਨੂੰ ਵੀ ਗੰਦੀਆਂ ਗਾਲਾਂ ਕੱਢੀਆਂ। ਸ਼ਿਕਾਇਤਕਰਤਾ ਅਨੁਸਾਰ ਇਸਤੋੱ ਬਾਅਦ ਸੁਖਵਿੰਦਰ ਸਿੰਘ ਉਰਫ ਛਿੰਦੀ ਨੇ ਉਸਦੇ ਸਿਰ ਤੇ ਬੰਨੀ ਦਸਤਾਰ ਉਤਾਰ ਦਿੱਤੀ ਅਤੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਫਿਰ ਚਾਰੇ ਹਮਲਾਵਰ ਉਸਨੂੰ ਜਾਨੋਂ ਮਾਰਨ ਦੀਆ ਧਮਕੀਆ ਦਿੰਦੇ ਹੋਏ ਅਤੇ ਲਲਕਾਰੇ ਮਾਰਦੇ ਹੋਏ ਆਪਣੇ ਹਥਿਆਰਾਂ ਸਮੇਤ ਉਸਦੀ ਦਸਤਾਰ ਆਪਣੇ ਨਾਲ ਲੈ ਕੇ ਭੱਜ ਗਏ। ਇਸ ਸਬੰਧੀ ਯੂਥ ਅਕਾਲੀ ਆਗੂ ਨੇ ਇਕ ਵੀਡੀਓ ਖ਼ੁਦ ਵਾਇਰਲ ਕੀਤੀ ਹੈ।
ਪਰਵਿੰਦਰ ਸਿੰਘ ਸੋਹਾਣਾ ਅਨੁਸਾਰ ਉਸ ’ਤੇ ਹਮਲੇ ਦਾ ਕਾਰਨ ਇਹ ਹੈ ਕਿ ਜਦੋਂ ਤੋਂ ਸੁਖਵਿੰਦਰ ਸਿੰਘ ਉਰਫ਼ ਛਿੰਦੀ ਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਉਤਾਰਿਆ ਗਿਆ ਸੀ ਉਦੋਂ ਤੋਂ ਹੀ ਉਹ ਉਸਦੇ ਨਾਲ ਖਾਰ ਖਾਂਦਾ ਹੈ ਅਤੇ ਇਸ ਕਰਕੇ ਹੀ ਉਸਨੇ ਆਪਨੇ ਸਾਥੀਆ ਨਾਲ ਮਿਲ ਕੇ ਅਤੇ ਆਜਾਦ ਗਰੁੱਪ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਉਸ ਦੀ ਕੁੱਟ ਮਾਰ ਕੀਤੀ ਹੈ। ਸੰਪਰਕ ਕਰਨ ਤੇ ਮੁਹਾਲੀ ਦੇ ਡੀ ਐਸ ਪੀ ਸਿਟੀ 2 ਦੀਪ ਕਮਲ ਨੇ ਕਿਹਾ ਕਿ ਪੁਲੀਸ ਵਲੋੱ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵੱਲੋਂ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਗਾਇਆ ਸੀ ਕਿ ਉਕਤ ਵਿਅਕਤੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਦੀ ਕਥਿਤ ਸ਼ਹਿ ’ਤੇ ਉਨ੍ਹਾਂ ਦੇ ਦਫ਼ਤਰ ਅਤੇ ਵਰਕਰਾਂ ’ਤੇ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਸੀ।
ਉਧਰ, ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੁਖਵਿੰਦਰ ਛਿੰਦੀ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਉਨ੍ਹਾਂ ਦੇ ਘਰਾਂ ਅਤੇ ਹੋਰਨਾਂ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਉਕਤ ਸਾਰੇ ਜਣੇ ਆਪੋ ਆਪਣੇ ਘਰਾਂ ਤੋਂ ਫਰਾਰ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …