
ਪੱਕੇ ਮੋਰਚੇ ਵਿੱਚ ਬੋਲ ਕੇ ਵਾਪਸ ਜਾ ਰਹੇ ਹਰਜਿੰਦਰ ਸਿੰਘ ਧਾਮੀ ’ਤੇ ਹਮਲਾ, ਵਾਲ ਵਾਲ ਬਚੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਸਿੱਖਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਕੌਮੀ ਇਨਸਾਫ਼ ਮੋਰਚਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੱਕਾ ਮੋਰਚਾ ਜਾਰੀ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅੱਜ ਪੱਕੇ ਮੋਰਚੇ ਨੂੰ ਸਮਰਥਨ ਦੇਣ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕੁੱਝ ਵਿਅਕਤੀਆਂ ਨੇ ਧਾਮੀ ਨੂੰ ਸਵਾਲ ਕੀਤਾ ਕਿ ਪਹਿਲਾਂ ਉਹ ਇਹ ਦੱਸਣ ਕਿ ਉਹ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹਨ ਜਾਂ ਨਹੀਂ?
ਇਸ ਤੋਂ ਬਾਅਦ ਵਿਰੋਧ ਕਰਨ ਵਾਲਿਆਂ ਨੇ ਸਵਾਲਾਂ ਦੀ ਝੜੀ ਲਗਾਉਂਦਿਆਂ ਧਾਮੀ ਤੋਂ ਬਰਗਾੜੀ ਕਾਂਡ ਬਾਰੇ ਪੁੱਛਿਆ ਗਿਆ ਅਤੇ 328 ਲਾਪਤਾ ਸਰੂਪਾਂ ਬਾਰੇ ਤਿੱਖੇ ਸਵਾਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਸਪੱਸ਼ਟੀਕਰਨ ਮੰਗਿਆ ਗਿਆ। ਉਧਰ, ਸਿੱਖਾਂ ਦੇ ਧਰਨੇ ਨੂੰ ਸੰਬੋਧਨ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਧਾਮੀ ਵਾਪਸ ਪਰਤਣ ਲਈ ਆਪਣੀ ਗੱਡੀ ਵਿੱਚ ਬੈਠੇ ਤਾਂ ਇਸ ਦੌਰਾਨ ਕੁੱਝ ਨੌਜਵਾਨ ਉਨ੍ਹਾਂ ਦੀ ਗੱਡੀ ਦੇ ਅੱਗੇ ਬੈਠ ਗਏ। ਹਾਲਾਂਕਿ ਵਿਰੋਧ ਕਰ ਰਹੇ ਇਨ੍ਹਾਂ ਨੌਜਵਾਨਾਂ ਨੂੰ ਪਾਸੇ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਨਹੀਂ ਮੰਨੇ। ਜਿਵੇਂ ਹੀ ਧਾਮੀ ਦੀ ਗੱਡੀ ਅੱਗੇ ਤੁਰੀ ਤਾਂ ਭੀੜ ’ਚੋਂ ਕੁੱਝ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ’ਤੇ ਪਥਰਾਓ ਕੀਤਾ ਗਿਆ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ। ਹਮਲਾਵਰਾਂ ਵੱਲੋਂ ਧਾਮੀ ਦੇ ਕਾਫ਼ਲੇ ਵਾਲੀ ਇੱਕ ਕੁਆਲਿਸ ਗੱਡੀ ’ਤੇ ਵੀ ਕਿਰਪਾਨਾਂ ਮਾਰੀਆਂ ਗਈਆਂ। ਬੜੀ ਮੁਸ਼ਕਲ ਨਾਲ ਧਾਮੀ ਅਤੇ ਉਸ ਦੇ ਸਾਥੀ ਵਾਲ ਵਾਲ ਬਚੇ। ਇਸ ਮਗਰੋਂ ਉਹ ਆਪਣੀਆਂ ਨੁਕਸਾਨੀਆਂ ਗੱਡੀਆਂ ਵਿੱਚ ਬੈਠ ਗਏ ਉੱਥੋਂ ਨਿਕਲ ਗਏ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੋਰਚੇ ਵਿੱਚ ਮੰਚ ਤੋਂ ਆਪਣੇ ਵਿਚਾਰ ਸਾਂਝੇ ਕੀਤੇ, ਉਦੋਂ ਵੀ ਉਨ੍ਹਾਂ ਦਾ ਤਲਖ਼ ਵਿਰੋਧ ਹੋਇਆ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਸੰਗਤ ਵਿੱਚ ਬਹੁਤ ਗੁੱਸਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਬੰਦੀ ਸਿੱਖਾਂ ਦੀ ਰਿਹਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿੱਥੇ ਦਸਖ਼ਤੀ ਮੁਹਿੰਮ ਚਲਾਈ ਗਈ ਹੈ, ਉੱਥੇ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਸਰਕਾਰ ਨੂੰ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਪੱਕੇ ਮੋਰਚੇ ਨੂੰ ਸਮਰਥਨ ਦੇਣ ਆਏ ਹਨ। ਜੇਕਰ ਮੋਰਚੇ ਦੇ ਆਗੂ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਲਗਾਉਣਗੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਮੋਰਚੇ ਵਿੱਚ ਜਥੇ ਭੇਜੇ ਜਾਣਗੇ।
ਸ੍ਰੀ ਧਾਮੀ ਨੇ ਕਿਹਾ ਕਿ ਜਿੱਥੋਂ ਤੱਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦਾ ਮੁੱਦਾ ਹੈ, ਇਨ੍ਹਾਂ ਸਰੂਪਾਂ ਦੇ ਲਾਪਤਾ ਹੋਣ ਬਾਰੇ ਪੂਰੀ ਰਿਪੋਰਟ ਵੇਰਵੇ ਸਹਿਤ ਵੈਬਸਾਈਟ ’ਤੇ ਅਪਲੋਡ ਕੀਤੀ ਗਈ ਹੈ। ਜਿਸ ਵੀ ਵਿਅਕਤੀ ਨੇ ਇਹ ਰਿਪੋਰਟ ਦੇਖਣੀ ਹੋਵੇ ਉਹ ਇੰਟਰਨੈਟ ਦੇ ਮਾਧਿਅਮ ਰਾਹੀਂ ਰਿਪੋਰਟ ਦੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਸਾਰਿਆਂ ਨੂੰ ਰਲ-ਮਿਲ ਕੇ ਚੱਲਣਾ ਚਾਹੀਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਵੀ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਉੱਠਦੀ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਉਸਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪੱਕੇ ਮੋਰਚੇ ਦੇ ਪ੍ਰਬੰਧਕ ਉਨ੍ਹਾਂ ਨੂੰ ਮਿਲਣ ਆਏ ਸੀ ਅਤੇ ਉਨ੍ਹਾਂ ਦੇ ਸੱਦੇ ’ਤੇ ਹੀ ਉਹ ਅੱਜ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਆਪਣਾ ਸਮਰਥਨ ਦੇਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖ ਮਸਲਿਆਂ ਦੇ ਹੱਲ ਲਈ ਅਜਿਹੀ ਮੰਗ ਜ਼ੋਰ ਫੜਦੀ ਹੈ ਤਾਂ ਮੋਰਚੇ ਵਿੱਚ ਕੁੱਝ ਅਜਿਹੇ ਵਿਅਕਤੀ ਵੀ ਸ਼ਾਮਲ ਹੋ ਜਾਂਦੇ ਹਨ ਜੋ ਬਿਨਾਂ ਵਜ੍ਹਾ ਭੜਕ ਕੇ ਸੰਘਰਸ਼ ਨੂੰ ਹੋਰ ਹੀ ਰੂਪ ਦੇ ਦਿੰਦੇ ਹਨ। ਅੱਜ ਵੀ ਕੁੱਝ ਨੌਜਵਾਨਾਂ ਵੱਲੋਂ ਭੜਕਾਹਟ ਵਿੱਚ ਆ ਕੇ ਉਨ੍ਹਾਂ ਦੀਆਂ ਗੱਡੀਆਂ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੌਮ ਨੂੰ ਪੂਰੀ ਤਰ੍ਹਾਂ ਇੱਕਜੱੁਟ ਹੋਣ ਅਤੇ ਕਿਸੇ ਕਿਸਮ ਦੀ ਭੜਕਾਹਟ ਵਿੱਚ ਨਾ ਆਉਣ ਦੀ ਲੋੜ ਹੈ।

ਧਾਮੀ ਨੇ ਕਿਹਾ ਕਿ ਉਹ ਮੰਚ ਤੋਂ ਬੋਲ ਕੇ ਵਾਪਸ ਜਾ ਰਹੇ ਸੀ ਤਾਂ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਰਥਨ ਦੇਣ ਆਉਂਦਾ ਹੈ ਤਾਂ ਉਸ ਨਾਲ ਅਜਿਹਾ ਵਰਤਾਓ ਕਰਨਾ ਮੰਦਭਾਗਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਮੁੱਦਿਆਂ ’ਤੇ ਪਹਿਲਾਂ ਵੀ ਪਹਿਰਾ ਦਿੱਤਾ ਜਾਂਦਾ ਰਿਹਾ ਹੈ ਅਤੇ ਅੱਗੇ ਤੋਂ ਵੀ ਹੋਰ ਮਜ਼ਬੂਤ ਹੋ ਕੇ ਦੇਵਾਂਗਾ। ਉਨ੍ਹਾਂ ਕੌਮੀ ਇਨਸਾਫ਼ ਮੋਰਚਾ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਰਥਨ ਦੇਣ ਵਾਲਿਆਂ ਨਾਲ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਜੇਕਰ ਸਮਰਥਨ ਦੇਣ ਵਾਲਿਆਂ ਨਾਲ ਇੰਝ ਕੀਤਾ ਜਾਵੇਗਾ ਤਾਂ ਮੋਰਚੇ ਨੂੰ ਸੱਟ ਵੱਜੇਗੀ।