ਪੰਜਾਬ ਪੁਲੀਸ ਦੇ ਇੰਟੈਲੀਜੈਂਸ ਦਫ਼ਤਰ ’ਤੇ ਹਮਲਾ: ਮੁਹਾਲੀ ਵਿੱਚ ਦਹਿਸ਼ਤ ਦਾ ਮਾਹੌਲ
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਚੌਕਸੀ ਵਧਾਈ, ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਾਹਨਾਂ ਦੀ ਜਾਂਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਤੀਜੀ ਮੰਜ਼ਲ ’ਤੇ ਸੋਮਵਾਰ ਰਾਤ ਨੂੰ ਕੀਤੇ ਹਮਲੇ ਤੋਂ ਬਾਅਦ
ਮੁਹਾਲੀ ਸਮੇਤ ਪੰਜਾਬ ਭਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਨਾਲ ਲੱਗਦੇ ਗੁਆਂਢੀ ਸੂਬਿਆਂ ਦੀਆਂ ਸਾਂਝੀਆਂ ਹੱਦਾਂ ਨੂੰ ਵੀ ਸੀਲ ਕਰਕੇ ਪੁਲੀਸ ਨਾਕੇ ਲਗਾਏ ਗਏ ਹਨ। ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਵਧਾਈ ਗਈ ਹੈ। ਪੁਲੀਸ ਵੱਲੋਂ ਪੂਰੇ ਇਲਾਕੇ ਵਿੱਚ ਚੱਪੇ ਚੱਪੇ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਦਿਨ ਵਿੱਚ ਵੀ ਫੋਰੈਂਸਿਕ ਟੀਮਾਂ ਨੇ ਕਈ ਥਾਵਾਂ ਤੋਂ ਨਮੂਨੇ ਲਏ ਹਨ ਅਤੇ ਸਾਰਾ ਦਿਨ ਡੀਜੀਪੀ ਸਮੇਤ ਹੋਰ ਉੱਚ ਅਧਿਕਾਰੀਆਂ ਦਾ ਮੁਹਾਲੀ ਦਫ਼ਤਰ ਵਿੱਚ ਆਉਣਾ ਜਾਣਾ ਲੱਗਿਆ ਰਿਹਾ।
ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਦਹਿਸ਼ਤ ਵਿੱਚ ਨਾ ਆਉਣ ਦੀ ਪੁਰਜ਼ੋਰ ਅਪੀਲ ਵੀ ਕੀਤੀ ਹੈ। ਇੰਟੈਲੀਜੈਂਸ ਦਫ਼ਤਰ ਨੇੜੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਗੋਲਡਨ ਬੈੱਲਜ਼ ਸਕੂਲਾ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ, ਗੁਰਦੁਆਰਾ ਅਕਾਲ ਆਸ਼ਰਮ, ਰਾਧਾ ਸੁਆਮੀ ਸਤਿਸੰਗ ਭਵਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਸਮੇਤ ਕਾਫ਼ੀ ਰਿਹਾਇਸ਼ੀ ਇਲਾਕਾ ਪੈਂਦਾ ਹੈ। ਸੈਕਟਰ-77 ਅਤੇ ਸੈਕਟਰ-78 ਸਮੇਤ ਕਈ ਸੁਸਾਇਟੀਆਂ ਬਿਲਕੁਲ ਨਾਲ ਲੱਗਦੇ ਹਨ ਅਤੇ ਇਨ੍ਹਾਂ ਸੈਕਟਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰਹਿੰਦੇ ਹਨ। ਉਂਜ ਵੀ ਮੁਹਾਲੀ ਤੋਂ ਪਟਿਆਲਾ ਅਤੇ ਮੁਹਾਲੀ ਤੋਂ ਸਰਹਿੰਦ ਜਾਣ ਲਈ ਇਹ ਮੁੱਖ ਰਸਤਾ ਹੈ ਅਤੇ ਰੋਜ਼ਾਨਾ ਇੱਥੋਂ ਹਜ਼ਾਰਾਂ ਲੋਕ ਅਤੇ ਰਾਹਗੀਰ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਲੰਘਦੇ ਹਨ। ਗੁਰੂਘਰਾਂ ਅਤੇ ਸੋਹਾਣਾ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਕ੍ਰਮਵਾਰ ਸੰਗਤ ਅਤੇ ਮਰੀਜ਼ ਇਲਾਜ ਲਈ ਆਉਂਦੇ ਹਨ।
ਬੀਤੀ ਰਾਤ ਘਟਨਾ ਤੋਂ ਬਾਅਦ ਅੱਜ ਦੂਜੇ ਦਿਨ ਵੀ ਏਅਰਪੋਰਟ ਸੜਕ ਸਮੇਤ ਹੋਰਨਾਂ ਸੰਪਰਕ ਸੜਕਾਂ ਅਤੇ ਐਂਟਰੀ ਪੁਆਇੰਟਾਂ ’ਤੇ ਜਬਰਦਸਤ ਨਾਕਾਬੰਦੀ ਜਾਰੀ ਰਹੀ। ਇਸ ਤੋਂ ਇਲਾਵਾ ਸ਼ਹਿਰ ਅਤੇ ਪੇਂਡੂ ਖੇਤਰ ਵਿੱਚ ਪੁਲੀਸ ਗਸ਼ਤ ਅਤੇ ਪੈਟਰੋਲਿੰਗ ਟੀਮਾਂ ਪੂਰੀ ਮੂਸਤੈਦੀ ਨਾਲ ਘੁੰਮਦੀਆਂ ਨਜ਼ਰ ਆਈਆਂ।