
ਸੀਤਾ ਰਾਮ ਯੇਚੂਰੀ ’ਤੇ ਹਮਲੇ ਵਿਰੁੱਧ ਆਰਐਸਐਸ ਤੇ ਮੋਦੀ ਦਾ ਪੁਤਲਾ ਸਾੜਿਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 13 ਜੂਨ:
ਸੀਪੀਆਈ ਐਮ ਦੇ ਦਿੱਲੀ ਸਥਿਤ ਪਾਰਟੀ ਦਫ਼ਤਰ ਵਿੱਚ ਆਰਐਸਐਸ ਦੇ ਕਾਰਕੁਨਾਂ ਵੱਲੋਂ ਪਾਰਟੀ ਦੇ ਕੌਮੀ ਆਗੂ ਸੀਤਾ ਰਾਮ ਯੇਚੂਰੀ ਉਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਸੀ.ਪੀ.ਆਈ.ਐਮ ਖਰੜ ਤਹਿਸੀਲ ਇਕਾਈ ਵਲੋਂ ਪਿੰਡ ਖਿਜ਼ਰਾਬਾਦ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਪਾਰਟੀ ਦੇ ਸੂਬਾਈ ਆਗੂ ਚੰਦਰ ਸ਼ੇਖਰ, ਹਰਬੰਸ ਸਿੰਘ ਅਤੇ ਬਲਵੀਰ ਸਿੰਘ ਮੁਸਾਫਿਰ ਨੇ ਦਿੱਲੀ ਦੇ ਪਾਰਟੀ ਦਫ਼ਤਰ ਵਿੱਚ ਵਾਪਰੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾਂ ਲੋਕ ਮਸਲਿਆਂ ਦੇ ਹੱਕਾਂ ਲਈ ਡਟੀ ਰਹੀ ਹੈ। ਆਗੂਆਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਮਾਮਲੇ ਵਿੱਚ ਹੀ ਸੀਤਾ ਰਾਮ ਯੇਚੁਰੀ ਵਲੋਂ ਪਾਰਟੀ ਦੇ ਦਿੱਲੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਸੱਦੀ ਗਈ ਸੀ ਜੋ ਕਿ ਪਾਰਟੀ ਦਾ ਜ਼ਮਹੂਰੀ ਹੱਕ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੈਸ ਕਾਨਫਰੰਸ ਦੌਰਾਨ ਹੀ ਯੇਚੁਰੀ ਉਤੇ ਹਮਲਾ ਕੀਤਾ ਗਿਆ ਜੋ ਕਿ ਬਹੁਤ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਆਰ.ਐਸ.ਐਸ ਦੇ ਕਾਰਕੁਨਾਂ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਉਤੇ ਹੀ ਕੀਤਾ ਗਿਆ ਹੈ ਤਾਂ ਜੋ ਕਿ ਸੀ.ਪੀ.ਆਈ.ਐਮ ਨੂੰ ਕਿਸਾਨਾਂ ਦੇ ਮਸਲੇ ਵਿੱਚ ਆਪਣਾ ਪੱਖ ਨਾ ਰੱਖਣ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਮੱਧ ਪ੍ਰਦੇਸ਼ ਦੇ ਕਿਸਾਨਾਂ ਉਤੇ ਗੋਲੀਆਂ ਵਰ੍ਹਾ ਰਹੀ ਹੈ ਦੂਜੇ ਪਾਸੇ ਦੇਸ਼ ਦੀਆਂ ਪਾਰਟੀਆਂ ਨੂੰ ਇਸ ਸਬੰਧੀ ਆਪਣਾ ਪੱਖ ਪੇਸ਼ ਕਰਨ ਅਤੇ ਕਿਸਾਨਾਂ ਦੇ ਹੱਕ ਵਿੱਚ ਬੋਲਣ ਦਾ ਵੀ ਅਧਿਕਾਰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਅਵਾਜ਼ ਦਾ ਗਲਾ ਘੁੱਟ ਰਹੀ ਹੈ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਹਮਲਿਆਂ ਨੂੰ ਕਦੇ ਵੀ ਪਾਰਟੀ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਯੋਗਰਾਜ, ਘਨ ਬਹਾਦਰ, ਸੁਖਵਿੰਦਰ ਸਿੰਘ ਖਿਜ਼ਰਾਬਾਦ, ਕੇਸਰ ਸਿੰਘ, ਲਾਭ ਸਿੰਘ, ਜਸਵਿੰਦਰ ਕੁਮਾਰ, ਨਿਰਪਾਲ ਸਿੰਘ, ਵਰਿੰਦਰ ਮੋਹਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।