Nabaz-e-punjab.com

ਅਣਪਛਾਤੇ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਸੈਕਟਰ-82 ਵਿੱਚ ਸਾੜਨ ਦਾ ਯਤਨ

ਸੋਹਾਣਾ ਪੁਲੀਸ ਨੇ ਰੇਲਵੇ ਲਾਈਨ ਨੇੜਿਓਂ ਅਧ ਸੜੀ ਲਾਸ਼ ਕੀਤੀ ਬਰਾਮਦ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਇਕ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲੀਸ ਨੇ ਇੱਥੋਂ ਦੇ ਸੈਕਟਰ-82 ’ਚੋਂ ਲੰਘਦੀ ਰੇਲਵੇ ਲਾਈਨ ਦੇ ਨੇੜਿਓਂ ਅੱਧੀ ਸੜੀ ਹੋਈ ਲਾਸ਼ ਬਰਾਮਦ ਕੀਤੀ। ਫਿਲਹਾਲ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਸੂਚਨਾਕਾਰ ਸੰਦੀਪ ਸ਼ਰਮਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਸੋਹਾਣਾ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਧਾਰਾ 201 ਵੀ ਜੋੜੀ ਗਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸੈਕਟਰ-82 ਸਥਿਤ ਇਕ ਫੈਕਟਰੀ ਮਾਲਕ ਸੰਦੀਪ ਸ਼ਰਮਾ ਨੇ ਸਭ ਤੋਂ ਪਹਿਲਾਂ ਅੱਧ ਸੜੀ ਹੋਈ ਲਾਸ਼ ਦੇਖੀ ਅਤੇ ਤੁਰੰਤ ਮੁਹਾਲੀ ਕੰਟਰੋਲ ਰੂਮ ਵਿੱਚ ਫੋਨ ਕਰਕੇ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਅਤੇ ਥਾਣਾ ਸੋਹਾਣਾ ਤੋਂ ਸਬ ਇੰਸਪੈਕਟਰ ਬਰਮਾ ਸਿੰਘ ਵੀ ਆਪਣੇ ਨਾਲ ਪੁਲੀਸ ਕਰਮਚਾਰੀ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਸਥਾਨ ’ਤੇ ਵਾਰਦਾਤ ਬਾਰੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ ਵਿੱਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਕਤ ਵਿਅਕਤੀ ਨੂੰ ਕਿਸੇ ਹੋਰ ਪਾਸੇ ਕਤਲ ਕਰਕੇ ਸੈਕਟਰ-82 ਵਿੱਚ ਲਿਆ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਕਾਤਲਾਂ ਨੇ ਲਾਸ਼ ਨੂੰ ਸਾੜਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਪ੍ਰੰਤੂ ਲੋੜ ਅਨੁਸਾਰ ਲੱਕੜ ਨਾ ਮਿਲਣ ਕਾਰਨ ਲਾਸ਼ ਪੂਰੀ ਤਰ੍ਹਾਂ ਸੜ ਨਹੀਂ ਸਕੀ। ਪੁਲੀਸ ਨੂੰ ਮੌਕੇ ਤੋਂ ਸੋਫਾਸੈੱਟ ਅਤੇ ਲੱਕੜ ਦੀ ਕੁਰਸੀਆਂ ਬਣਾਉਣ ਵਿੱਚ ਵਰਤੀ ਜਾਣ ਵਾਲੀ ਫੋਮ, ਕਿੱਲਾਂ ਵਾਲੀ ਲੱਕੜ ਵੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਪੁਲੀਸ ਨੇ ਫਰਚੀਨਰ ਮਾਰਕੀਟਾਂ ਅਤੇ ਹੋਰ ਦੁਕਾਨਾਂ ’ਤੇ ਜਾ ਕੇ ਕਤਲ ਬਾਰੇ ਸੁਰਾਗ ਲਗਾਉਣ ਦਾ ਯਤਨ ਕੀਤਾ ਲੇਕਿਨ ਖ਼ਬਰ ਲਿਖੇ ਜਾਣ ਤੱਕ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਸੱਦ ਕੇ ਅੱਧ ਸੜੀ ਲਾਸ਼, ਮੌਕੇ ਮਿਲੀ ਲੱਕੜ ਅਤੇ ਰਾਖ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਲਈ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…