nabaz-e-punjab.com

ਪਿੰਡ ਧਰਮਗੜ੍ਹ ਦੇ ਖੇਤਾਂ ਵਿੱਚ ਰਹਿੰਦੇ ਪਰਿਵਾਰ ਦੀ 8 ਸਾਲ ਦੀ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਸੋਹਾਣਾ ਪੁਲੀਸ ਵੱਲੋਂ ਕੁੱਝ ਹੀ ਘੰਟਿਆਂ ਬਾਅਦ ਮੁਲਜ਼ਮ ਰਵੀ ਕੁਮਾਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਸਾਹਬਿਜ਼ਾਦਾ ਅਜੀਤ ਸਿੰਘ ਨਗਰ ਦੇ ਨਜ਼ਦੀਕੀ ਪਿੰਡ ਧਰਮਗੜ੍ਹ ਦੇ ਖੇਤਾਂ ਵਿੱਚ ਰਹਿੰਦੇ ਪਰਿਵਾਰ ਦੀ ਅੱਠ ਸਾਲਾਂ ਦੀ ਲੜਕੀ ਨੂੰ ਅਗਵਾ ਕਰਨ ਵਾਲੇ ਮੁਲਜ਼ਮ ਰਵੀ ਕੁਮਾਰ ਵਾਸੀ ਜਗਤਪੁਰਾ ਕਲੋਨੀ ਨੂੰ ਸੋਹਾਣਾ ਪੁਲੀਸ ਨੇ ਕੁੱਝ ਹੀ ਘੰਟਿਆਂ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਕੀਤੀ।
ਮੁਹਾਲੀ ਦੇ ਮੇਅਰ ਧੜੇ ਦੇ ਪਿੰਡ ਕੁੰਭੜਾ ਤੋਂ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਉਰਫ਼ ਪਹਿਲਵਾਨ ਨੇ ਦੱਸਿਆ ਕਿ ਉਸ ਦੇ ਪਿੰਡ ਧਰਮਗੜ੍ਹ ਵਿੱਚ ਸਥਿਤ ਖੇਤਾਂ ਵਿੱਚ 5-6 ਸਿਕਲੀਗਰ ਪਰਿਵਾਰ ਰਹਿੰਦੇ ਹਨ। ਅੱਜ ਤੜਕੇ ਸਵੇਰੇ ਕਰੀਬ 3 ਵਜੇ ਰਵੀ ਕੁਮਾਰ ਆਪਣੇ ਇੱਕ ਹੋਰ ਸਾਥੀ ਨਾਲ ਐਕਟਿਵਾ ਸਕੂਟਰ ’ਤੇ ਆਇਆ ਅਤੇ ਅੱਠ ਸਾਲ ਦੀ ਲੜਕੀ ਨੂੰ ਚੁੱਕ ਕੇ ਲੈ ਲਿਆ। ਲੜਕੀ ਦੀ ਚੀਕ ਸੁਣ ਕੇ ਘਰ ਵਾਲੇ ਜਾਗ ਪਏ ਅਤੇ ਖੇਤਾਂ ਵਿੱਚ ਰਹਿੰਦੇ ਹੋਰਨਾਂ ਵਿਅਕਤੀਆਂ ਨਾਲ ਪਿੱਛਾ ਕੀਤਾ ਤਾਂ ਮੁਲਜ਼ਮ ਕੰਡਾਲਾ ਨੇੜੇ ਚਰੀ ਦੇ ਖੇਤ ਵਿੱਚ ਐਕਟਿਵਾ ਸਕੂਟਰ ਅਤੇ ਲੜਕੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਭੱਜਣ ਲੱਗਿਆਂ ਰਵੀ ਦਾ ਖੇਤਾਂ ਵਿੱਚ ਮੋਬਾਈਲ ਫੋਨ ਵੀ ਡਿੱਗ ਪਿਆ।
ਉਧਰ, ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਐਸਐਚਓ ਤਰਲੋਚਨ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮੋਬਾਈਲ ਫੋਨ ਅਤੇ ਐਕਟਿਵਾ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਕੁੱਝ ਹੀ ਘੰਟਿਆਂ ਬਾਅਦ ਮੁਲਜ਼ਮ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪੀੜਤ ਲੜਕੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 363 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
(ਬਾਕਸ ਆਈਟਮ)
ਮੁਲਜ਼ਮ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਐਕਟਿਵਾ ਸਕੂਟਰ ਤੇ ਮੋਬਾਈਲ ਖੋਹਣ ਦਾ ਪਾਇਆ ਰੋਲਾ
ਉਧਰ, ਕੁਝ ਪਿੰਡ ਵਾਸੀਆਂ ਨੇ ਇਸ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਪਿੰਡ ਧਰਮਗੜ੍ਹ ਵਿੱਚ ਜਾ ਕੇ ਰੋਲਾ ਪਾ ਦਿੱਤਾ ਕਿ ਖੇਤਾਂ ਵਿੱਚ ਰਹਿੰਦੇ ਪਰਿਵਾਰਾਂ ਦੇ ਬੰਦਿਆਂ ਨੇ ਉਸ ਨੂੰ ਘੇਰ ਕੇ ਉਸ ਦਾ ਐਕਟਿਵਾ ਸਕੂਟਰ ਅਤੇ ਮੋਬਾਈਲ ਫੋਨ ਖੋਹ ਲਿਆ ਪ੍ਰੰਤੂ ਕੁਝ ਹੀ ਘੰਟਿਆਂ ਬਾਅਦ ਅਸਲੀਅਤ ਸਾਹਮਣੇ ਆ ਗਈ ਜਦੋਂ ਸੋਹਾਣਾ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …