ਛੋਟੇ ਬੱਚੇ ਨੂੰ ਅੱਗ ਵਿੱਚ ਸਾੜਨ ਦੀ ਕੋਸ਼ਿਸ਼, ਰਾਹਗੀਰ ਨੇ ਬਚਾਈ ਬੱਚੇ ਦੀ ਜਾਨ, ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਬੱਚੇ ਦੇ ਮੁਲਜ਼ਮ ਪਿਤਾ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਪਤਨੀ ਦੀ ਮੌਤ ਤੋਂ ਬਾਅਦ ਆਪਣੇ ਬੱਚਿਆਂ ਤੋਂ ਤੰਗ ਪ੍ਰੇਸ਼ਾਨ ਸੀ ਰਾਜੂ ਗੋਸਵਾਮੀ

ਨਬਜ਼-ਏ-ਪੰਜਾਬ, ਮੁਹਾਲੀ, 16 ਅਕਤੂਬਰ:
ਮੁਹਾਲੀ ਵਿੱਚ ਇੱਕ ਕਲਯੁਗੀ ਪਿਤਾ ਵੱਲੋਂ ਆਪਣੇ ਛੋਟੇ ਬੱਚੇ ਨੂੰ ਮਾਰਨ ਦੀ ਨੀਅਤ ਨਾਲ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਕਿਸਮਤ ਚੰਗੀ ਸੀ ਕਿ ਉਸ ਨੂੰ ਸੜਕ ਤੋਂ ਲੰਘ ਰਹੇ ਇੱਕ ਰਾਹਗੀਰ ਨੇ ਬਚਾ ਲਿਆ ਅਤੇ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਦੀ ਪੁਲੀਸ ਨੇ ਫੌਰੀ ਕਾਰਵਾਈ ਕਰਦਿਆਂ ਪੀੜਤ ਬੱਚੇ ਦੇ ਪਿਤਾ ਰਾਜੂ ਗੋਸਵਾਮੀ ਦੇ ਖ਼ਿਲਾਫ਼ ਬੀਐਨਐਸ ਦੀ ਧਾਰਾ 109 (1) ਅਤੇ ਜਸਟਿਸ ਜੁਵੇਨਾਇਲ ਐਕਟ ਦੀ ਧਾਰਾ 75 ਅਧੀਨ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਗੁਰਪ੍ਰੀਤ ਸਿੰਘ ਵਾਸੀ ਮਲੋਟ ਹਾਲ ਵਾਸੀ ਪਿੰਡ ਕੁੰਭੜਾ ਨੇ ਇਤਲਾਹ ਦਿੱਤੀ ਸੀ ਕਿ ਉਹ ਐਮਾਜ਼ੋਨ ਕੰਪਨੀ ਵਿੱਚ ਸਮਾਨ ਦੀ ਡਲਿਵਰੀ ਦਾ ਕੰਮ ਕਰਦਾ ਹੈ। ਬੀਤੇ ਦਿਨੀਂ 15 ਅਕਤੂਬਰ ਨੂੰ ਉਹ ਫੇਜ਼-7 ਤੋਂ ਅੰਤਰਰਾਜੀ ਪੁਰਾਣੇ ਬੱਸ ਅੱਡਾ ਫੇਜ਼-8 ਵੱਲ ਜਾ ਰਿਹਾ ਸੀ, ਜਦੋਂ ਉਹ ਮਦਰਹੁੱਡ ਹਸਪਤਾਲ ਫੇਜ਼-8 ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇਕ ਪ੍ਰਵਾਸੀ ਮਜ਼ਦੂਰ ਆਪਣੀ ਝੁੱਗੀ ਦੇ ਬਾਹਰ ਕਾਫ਼ੀ ਅੱਗ ਬਾਲ ਕੇ ਇੱਕ ਛੋਟੇ ਬੱਚੇ ਨੂੰ ਗਾਲ੍ਹਾਂ ਕੱਢਦਾ ਹੋਇਆ ਮਾਰ ਦੇਣ ਦੀ ਨੀਅਤ ਨਾਲ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਇਸ ਪ੍ਰਵਾਸੀ ਵਿਅਕਤੀ ਦੇ ਕੋਲ ਦੋ ਬੱਚੇ ਹੋਰ ਵੀ ਸਨ।
ਗੁਰਪ੍ਰੀਤ ਸਿੰਘ ਅਨੁਸਾਰ ਇਹ ਹਾਦਸਾ ਉਸ ਨੇ ਆਪਣੀ ਅੱਖੀਂ ਦੇਖਿਆ ਹੈ ਅਤੇ ਉਸ ਨੇ ਮੋਟਰ ਸਾਈਕਲ ਰੋਕ ਕੇ ਬੱਚੇ ਨੂੰ ਛੁਡਵਾਇਆ ਪਰ ਉਦੋਂ ਤੱਕ ਬੱਚੇ ਦਾ ਮੂੰਹ ਅਤੇ ਛਾਤੀ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਚੁੱਕੀ ਸੀ। ਇਸ ਮਗਰੋਂ ਉਸ ਨੇ ਸੜਕ ਤੋਂ ਲੰਘ ਰਹੇ ਵਿਅਕਤੀਆਂ ਦੀ ਮਦਦ ਨਾਲ ਬੱਚੇ ਨੂੰ ਨਜ਼ਦੀਕੀ ਮਦਰਹੁੱਡ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਮਦਰਹੁੱਡ ਹਸਪਤਾਲ ਦੇ ਡਾਕਟਰਾਂ ਨੇ ਪੀੜਤ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਰੈਫ਼ਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਉਸ ਦੀ ਜਾਣਕਾਰੀ ਅਨੁਸਾਰ ਬੱਚੇ ਦਾ ਪਿਤਾ ਰਾਜੂ ਗੋਸਵਾਮੀ ਆਪਣੀ ਘਰ ਵਾਲੀ ਦੀ ਮੌਤ ਤੋਂ ਬਾਅਦ ਇਨ੍ਹਾਂ ਬੱਚਿਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਜਾਣਬੱੁਝ ਕੇ ਮਾਰਨ ਦੀ ਨੀਅਤ ਨਾਲ ਆਪਣੇ ਬੱਚੇ ਨੂੰ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ। ਜੇਕਰ ਉਹ ਮੌਕੇ ’ਤੇ ਨਾ ਪਹੁੰਚਦਾ ਤਾਂ ਉਸ ਨੇ ਬੱਚੇ ਨੂੰ ਮਾਰ ਦੇਣਾ ਸੀ।
ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਮੁਲਜ਼ਮ ਪਿਤਾ ਰਾਜੂ ਗੋਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਾਜੂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ, ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ

ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ, ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ ਲੋੜਵੰਦਾਂ ਦੀ ਸੁਵਿਧਾ ਲਈ …