ਪਤੀ ’ਤੇ ਸਪਿਰਿਟ ਸੁੱਟ ਕੇ ਸਾੜਨ ਦੀ ਕੋਸ਼ਿਸ਼: 8 ਮਹੀਨੇ ਬਾਅਦ ਵੀ ਪੀੜਤ ਨੂੰ ਨਹੀਂ ਮਿਲਿਆ ਇਨਸਾਫ਼

ਧਾਰਾ 307 ਅਧੀਨ ਮਾਮਲਾ ਦਰਜ ਹੋਣ ਦੇ ਬਾਵਜੂਦ ਪਤਨੀ ਨੂੰ ਨਹੀਂ ਕੀਤਾ ਗਿਆ ਗ੍ਰਿਫ਼ਤਾਰ

ਜਾਂਚ ਅਧਿਕਾਰੀ ਨੇ ਮੁੱਢਲੀ ਪੜਤਾਲ ਤੋਂ ਬਾਅਦ ਰਿਪੋਰਟ ਐਸਐਸਪੀ ਨੂੰ ਭੇਜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਸਮਾਜ ਵਿੱਚ ਅਕਸਰ ਘਰੇਲੂ ਹਿੰਸਾ ਦਾ ਸ਼ਿਕਾਰ ਕੇਵਲ ਅੌਰਤਾਂ ਹੀ ਹੁੰਦੀਆਂ ਰਹੀਆਂ ਹਨ ਪ੍ਰੰਤੂ ਮੌਜੂਦਾ ਸਮੇਂ ਵਿੱਚ ਪੁਰਸ਼ ਵੀ ਅਜਿਹੀਆਂ ਪੀੜਾਂ ਸਹਿਣ ਕਰ ਰਹੇ ਹਨ। ਜਲੰਧਰ ਦੇ ਪਿੰਡ ਗੜ੍ਹਾ ਅਨਵਾਲ ਕਾਲੋਨੀ ਵਸਨੀਕ ਗੁਰਪ੍ਰੀਤ ਸਿੰਘ ਕਹਾਣੀ ਵੀ ਕੁੱਝ ਅਜਿਹੀ ਹੀ ਹੈ ਜਿਸ ਨੂੰ ਉਸਦੀ ਪਤਨੀ ਵੱਲੋਂ ਕਥਿਤ ਤੌਰ ’ਤੇ ਸੁੱਤੇ ਪਏ ਉੱਤੇ ਸਪਿਰਿਟ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰ ਇਨਸਾਫ਼ ਲਈ ਖੱਜਲ-ਖੁਆਰ ਹੋ ਰਿਹਾ ਹੈ।
ਅੱਜ ਇੱਥੇ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜਤ ਗੁਰਪ੍ਰੀਤ ਸਿੰਘ ਨੇ ਲੂੰ ਕੰਢੇ ਖੜ੍ਹੇ ਕਰਨ ਵਾਲੀ ਆਪਬੀਤੀ ਬਿਆਨ ਕੀਤੀ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਉੱਤੇ ਖੰਨਾ ਦੀ ਇਕ ਅੌਰਤ ਦੇ ਸੰਪਰਕ ਵਿੱਚ ਆਇਆ ਸੀ ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਤੀਜੇ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਸ਼ਰਾਬ ਪੀਣ ਦੀ ਆਦੀ ਹੈ। ਪਤਨੀ ਨੇ ਵਿਆਹ ’ਚ ਬਚੀ ਹੋਈ ਸ਼ਰਾਬ ਸਟੋਰ ਤੋਂ ਚੁੱਕ ਕੇ ਆਪਣੇ ਕਮਰੇ ਵਿੱਚ ਰੱਖ ਲਈ। ਉਸਨੇ ਦੋਸ਼ ਲਾਇਆ ਕਿ ਉਸਦੀ ਪਤਨੀ ਰੋਜ਼ਾਨਾ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਘਰਵਾਲੇ ਨਾਲ ਧੱਕਾ ਕਰਦੀ ਰਹੀ ਅਤੇ ਗਹਿਣੇ ਵੇਚ ਕੇ ਨਸ਼ੇ ਦੀ ਲੱਤ ਪੂਰੀ ਕਰਦੀ ਰਹੀ।
ਗੁਰਪ੍ਰੀਤ ਸਿੰਘ ਅਨੁਸਾਰ ਉਸ ਨੇ ਇਸ ਗੱਲ ਆਪਣੇ ਸਹੁਰਾ ਪਰਿਵਾਰ ਨੂੰ ਵੀ ਦੱਸੀ ਪਰ ਉਨ੍ਹਾਂ ਨੇ ਉਸਦੀ ਗੱਲ ’ਤੇ ਯਕੀਨ ਨਹੀਂ ਕੀਤਾ ਅਤੇ ਉਲਟਾ ਉਸ ਨੂੰ ਹੀ ਬੁਰਾ ਭਲਾ ਕਿਹਾ ਗਿਆ। ਉਸ ਨੇ ਦੱਸਿਆ ਕਿ 13-14 ਮਈ 2020 ਦੀ ਦਰਮਿਆਨੀ ਰਾਤ ਨੂੰ ਉਸ ਦੀ ਪਤਨੀ ਨੇ ਉਸ ਉੱਤੇ ਸਪਿਰਿਟ ਸੁੱਟ ਕੇ ਅੱਗ ਲਗਾ ਦਿੱਤੀ। ਜਿਸ ਕਾਰਨ ਉਹ 40 ਫੀਸਦੀ ਸੜ ਗਿਆ ਅਤੇ ਉਸ ਨੂੰ ਇੱਕ ਮਹੀਨਾ ਹਸਪਤਾਲ ਵਿੱਚ ਰਹਿਣਾ ਪਿਆ। ਹਾਲਾਂਕਿ ਪੁਲੀਸ ਵੱਲੋਂ ਪਤਨੀ ਖ਼ਿਲਾਫ਼ ਧਾਰਾ 307, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਪ੍ਰੰਤੂ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦੋਂਕਿ ਉਸਦੀ ਪਤਨੀ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਵੀ ਅਦਾਲਤਾਂ ਵੱਲੋਂ ਖ਼ਾਰਜ ਕੀਤੀਆਂ ਜਾ ਚੁੱਕੀਆਂ ਹਨ। ਪੀੜਤ ਗੁਰਪ੍ਰੀਤ ਸਿੰਘ ਨੇ ਆਪਣੇ ਵਕੀਲ ਰਾਹੀਂ ਹਾਈਕੋਰਟ ਵਿੱਚ ਅਪੀਲ ਦਾਇਰ ਕਰਕੇ ਜਾਂਚ ਅਧਿਕਾਰੀ ਨੂੰ ਬਦਲਣ ਦੀ ਮੰਗ ਕੀਤੀ ਹੈ। ਅਦਾਲਤ ਨੇ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਹੈ।
ਫਿਲੌਰ ਦੀ ਐਸਪੀ ਮਨਜੀਤ ਕੌਰ ਨੇ ਕਿਹਾ ਕਿ ਪੀੜਤ ਵਿਅਕਤੀ ਦੀ ਪਤਨੀ ਨੇ ਇਸ ਮਾਮਲੇ ਵਿੱਚ ਖ਼ੁਦ ਨੂੰ ਬੇਕਸੂਰ ਦੱਸਦਿਆਂ ਡੀਜੀਪੀ ਨੂੰ ਅਰਜ਼ੀ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਸੀ। ਜਿਸ ’ਤੇ ਕਾਰਵਾਈ ਕਰਦਿਆਂ ਡੀਜੀਪੀ ਵੱਲੋਂ ਮਾਮਲੇ ਦੀ ਮੁੜ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਕਾਰਨ ਸ਼ਿਕਾਇਤਕਰਤਾ ਦੀ ਪਤਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਬੀਤੀ 6 ਜਨਵਰੀ ਨੂੰ ਐਸਐਸਪੀ ਜਲੰਧਰ ਨੂੰ ਭੇਜੀ ਜਾ ਚੁੱਕੀ ਹੈ।

Load More Related Articles
Load More By Nabaz-e-Punjab
Load More In Crime

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …