
ਪਿੰਡ ਸੁੱਖਗੜ੍ਹ ਦੀ 13 ਏਕੜ ਸ਼ਾਮਲਾਤ ਜ਼ਮੀਨ ਹੜੱਪਣ ਦੀ ਕੋਸ਼ਿਸ਼, ਵਿਰੋਧ ਕਾਰਨ ਅਫ਼ਸਰਾਂ ਨੇ ਪੈਰ ਪਿੱਛੇ ਖਿੱਚੇ
ਸਰਕਾਰੀ ਅਫ਼ਸਰ, ਬਿਲਡਰਾਂ ਅਤੇ ਭੂ-ਮਾਫ਼ੀਆ ਦੇ ਏਜੰਟ ਬਣ ਕੇ ਦੇ ਰਹੇ ਨੇ ਕਾਰਵਾਈ ਨੂੰ ਅੰਜਾਮ: ਸਤਨਾਮ ਦਾਊਂ
ਜ਼ਮੀਨਾਂ ਨੂੰ ਲੀਜ ’ਤੇ ਦੇਣ ਸਬੰਧੀ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ ਪਿੰਡ ਵਾਸੀਆਂ ਨੂੰ ਲਾਮਬੰਦ ਹੋਣ ਦਾ ਸੱਦਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਪੰਜਾਬ ਅਗੇਂਸਟ ਕੁਰੱਪਸ਼ਨ, ਕਿਸਾਨ ਜਥੇਬੰਦੀ ਅਤੇ ਪਿੰਡ ਵਾਸੀਆਂ ਨੇ ਮੁਹਾਲੀ ਦੀ ਜੂਹ ਵਿੱਚ ਸੁੱਖਗੜ੍ਹ ਦੀ 13 ਏਕੜ ਸ਼ਾਮਲਾਤ ਜ਼ਮੀਨ ਹੜੱਪਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਇਲਾਕੇ ਦੇ ਸਮਾਜ ਸੇਵੀ ਅਤੇ ਮੋਹਤਬਰ ਵਿਅਕਤੀਆਂ ਨੂੰ ਸ਼ਾਮਲਾਤ ਜ਼ਮੀਨਾਂ ਨੂੰ ਲੀਜ਼ ’ਤੇ ਦੇਣ ਦੀ ਆੜ ਵਿੱਚ ਕਬਜ਼ੇ ਕਰਵਾਉਣ ਵਾਲੇ ਕਾਲੇ ਕਾਨੂੰਨ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਹੈ। ਇਸ ਤੋਂ ਪਹਿਲਾਂ ਬਲੌਂਗੀ, ਪਿੰਡ ਚਾਂਦਪੁਰ, ਪਿੰਡ ਦਾਊਂ, ਪਿੰਡ ਕੁਰੜਾ ਸਮੇਤ ਹੋਰਨਾਂ ਦਰਜਨਾਂ ਪਿੰਡਾਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਕਿਸਾਨ ਆਗੂ ਗੁਰਨਾਮ ਸਿੰਘ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ, ਪੰਚ ਬਲਬੀਰ ਸਿੰਘ, ਬਲਕਾਰ ਸਿੰਘ, ਸੁੱਚਾ ਸਿੰਘ,, ਪ੍ਰੇਮ ਸਿੰਘ, ਦੀਦਾਰ ਸਿੰਘ, ਮਹਿੰਦਰ ਸਿੰਘ ਅਤੇ ਕਿਸਾਨ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਮੁਹਾਲੀ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਕਾਰਨ ਸਰਕਾਰੀ ਸਰਪ੍ਰਸਤੀ ਹੇਠ ਭੂ-ਮਾਫ਼ੀਆ ਸਰਗਰਮ ਹੈ। ਅੱਜ ਪਿੰਡ ਸੁੱਖਗੜ੍ਹ ਵਿੱਚ ਪਿੰਡ ਵਾਸੀਆਂ ਅਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਦੇ ਸਾਂਝੇ ਇਕੱਠ ਵਿੱਚ ਸੁੱਖਗੜ੍ਹ ਦੀ 13 ਏਕੜ ਤੋਂ ਵੱਧ ਦੀ ਜ਼ਮੀਨ ਇੱਕ ਪ੍ਰਾਈਵੇਟ ਬਿਲਡਰ ਨੂੰ 33 ਸਾਲਾਂ ਲੀਜ ’ਤੇ ਦੇਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਗਰਾਮ ਪੰਚਾਇਤ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਜਿਸ ਵਿੱਚ ਅੱਜ ਬੀਡੀਪੀਓ ਵੱਲੋਂ ਪੰਚਾਇਤ ਨੂੰ ਗਰਾਮ ਸਭਾ ਦਾ ਇਜਲਾਸ ਸੱਦ ਕੇ ਬਿਲਡਰ ਦੇ ਹੱਕ ਵਿੱਚ ਜ਼ਮੀਨ ਦੇਣ ਲਈ ਮਤੇ ਪਾਉਣ ਲਈ ਮਜਬੂਰ ਕੀਤਾ ਗਿਆ।
ਇਸ ਦੀ ਭਿਣਕ ਪੈਂਦੇ ਹੀ ਸਤਨਾਮ ਸਿੰਘ ਦਾਊਂ ਵੱਲੋਂ ਅਧਿਕਾਰੀਆਂ ਅਤੇ ਬਿਲਡਰ ਬਾਰੇ ਵੀਡੀਓ ਜਾਰੀ ਕਰਕੇ ਇਲਾਕੇ ਦੇ ਲੋਕਾਂ ਨੂੰ ਇਸ ਧੱਕੇਸ਼ਾਹੀ ਵਿਰੁੱਧ ਪਿੰਡ ਵਾਸੀਆਂ ਦੇ ਨਾਲ ਖੜ੍ਹਨ ਲਈ ਅਪੀਲ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ। ਜਿਸ ਕਾਰਨ ਕੋਈ ਵੀ ਅਫ਼ਸਰ ਮੌਕੇ ’ਤੇ ਨਹੀਂ ਪੁੱਜਾ। ਇਸ ਤਰ੍ਹਾਂ ਸ਼ਾਮਲਾਤ ਜ਼ਮੀਨ ਨੂੰ ਲੀਜ਼ ’ਤੇ ਦੇਣ ਦਾ ਮਤਾ ਪਾਸ ਹੋਣ ਤੋਂ ਬਚ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਹਾਈ ਕੋਰਟ ਵਿੱਚ ਘੜੀਸਿਆਂ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਕੁਰੜਾ, ਮੁਖ਼ਤਿਆਰ ਸਿੰਘ ਕੁਰੜਾ, ਬਿੱਕਰ ਗਿੱਲ, ਗੁਰਿੰਦਰ ਗਿੱਲ ਲਾਂਡਰਾਂ, ਲਾਲਾ ਬਾਕਰਪੁਰੀਆਂ, ਪੇ੍ਰਮ ਗੁਰਦਾਸਪੁਰੀ ਸਮੇਤ ਹੋਰਨਾਂ ਪਿੰਡਾਂ ਦੇ ਮੋਹਤਵਰ ਵਿਅਕਤੀ ਮੌਜੂਦ ਸਨ।