
ਮਸਜਿਦ ਵਾਲੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼, ਪੰਜਾਬ ਅਗੇਂਸਟ ਕੁਰੱਪਸ਼ਨ ਨੇ ਲਾਏ ਗੰਭੀਰ ਦੋਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦਾ ਨਿੱਜੀ ਦਖ਼ਲ ਮੰਗਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਇੱਥੋਂ ਦੇ ਸੈਕਟਰ-109 ਵਿੱਚ ਉਸਾਰੀ ਅਧੀਨ ਮਸਜਿਦ ਦਾ ਕੰਮ ਨੇਪਰੇ ਚੜ੍ਹਾਉਣ ਲਈ ਨਵੀਂ ਬਣੀ ਮਸਜਿਦ ਇੰਤਜਾਮੀਆਂ ਕਮੇਟੀ ਦਿਨ ਰਾਤ ਕੰਮ ’ਤੇ ਲੱਗੀ ਹੋਈ ਹੈ, ਪ੍ਰੰਤੂ ਕੁੱਝ ਲੋਕ ਇਸ ਥਾਂ ’ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ ਕਰਕੇ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮਹੀਨਾ ਕੁ ਪਹਿਲਾਂ ਵਕਫ਼ ਬੋਰਡ ਦੇ ਚੇਅਰਮੈਨ ਜਨੈਦ ਰਜਾ ਨੇ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਅਤੇ ਮੌਕੇ ’ਤੇ ਮੌਜੂਦ ਕਬਜ਼ਾਧਾਰਕ ਨੂੰ ਜਗ੍ਹਾ ਖਾਲੀ ਕਰਨ ਲਈ ਜੁਬਾਨੀ ਹੁਕਮ ਦਿੱਤੇ ਸਨ ਪ੍ਰੰਤੂ ਹਾਲੇ ਤੱਕ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।
ਮਸਜਿਦ ਕਮੇਟੀ ਨੇ ਅੱਜ ਇਹ ਮਾਮਲਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਉਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੂੰ ਨਿੱਜੀ ਦਖ਼ਲ ਦੇਣ ਦੀ ਗੁਹਾਰ ਲਗਾਈ। ਮਸਜਿਦ ਕਮੇਟੀ ਦੇ ਪ੍ਰਧਾਨ ਐਸਆਰ ਸੈਫੀ ਨੇ ਕਿਹਾ ਕਿ ਇੱਥੇ ਮਸਜਿਦ ਬਣਾਉਣ ਦੇ ਨਾਮ ’ਤ ਵਕਫ਼ ਬੋਰਡ ਤੋਂ ਜ਼ਮੀਨ ਲਈ ਹੋਈ ਸੀ ਅਤੇ ਲੋਕਾਂ ਕੋਲੋਂ ਚੰਦਾ ਵੀ ਇਕੱਠਾ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਕੁੱਝ ਵਿਅਕਤੀਆਂ ਵੱਲੋਂ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇਕ ਸਰਕਾਰੀ ਮੁਲਾਜ਼ਮ ਦੇ ਪਰਿਵਾਰ ਵੱਲੋਂ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਕਫ਼ ਬੋਰਡ ਦੇ ਉੱਚ ਅਧਿਕਾਰੀ ਦੁੱਧ-ਧੋਤੇ ਹਨ ਤਾਂ ਉਹ ਫੌਰਨ ਇਸ ਜਗ੍ਹਾ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ। ਮਸਜਿਦ ਕਮੇਟੀ ਨੇ ਮੰਗ ਕੀਤੀ ਹੈ ਕਿ ਇਸ ਥਾਂ ਨੂੰ ਫੌਰੀ ਖਾਲੀ ਕਰਵਾਇਆ ਜਾਵੇ ਅਤੇ ਤਾਂ ਜੋ ਮਸਜਿਦ ਦੀ ਉਸਾਰੀ ਕੀਤੀ ਜਾ ਸਕੇ।