ਅੌਰਤ ਕੋਲੋਂ ਸੋਨੇ ਦੀ ਚੈਨ ਖੋਹਣ ਦੀ ਕੋਸ਼ਿਸ਼: ਮੁਹਾਲੀ ਪੁਲੀਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 12 ਅਕਤੂਬਰ:
ਮੁਹਾਲੀ ਪੁਲੀਸ ਨੇ ਇੱਕ ਅੌਰਤ ਕੋਲੋਂ ਸੋਨੇ ਦੀ ਚੈਨ ਖੋਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਮਨ ਸਿੰਘ ਵਾਸੀ ਪਿੰਡ ਕਹਿਰੂ ਥਾਣਾ ਧੂਰੀ (ਜ਼ਿਲ੍ਹਾ ਸੰਗਰੂਰ) ਅਤੇ ਉਸਦੇ ਸਾਥੀ ਗੁਰਸ਼ਰਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੀ ਸਵਿਫ਼ਟ ਡਿਜ਼ਾਇਰ ਕਾਰ ਵੀ ਆਪਣੇ ਕਬਜ਼ੇ ਵਿੱਚ ਲਈ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਮਦਰਹੁੱਡ ਹਸਪਤਾਲ ਮੁਹਾਲੀ ਵਿੱਚ ਕੰਮ ਕਰਨ ਵਾਲੀ ਵਰਸ਼ਾ ਸ਼ਾਮ ਵੇਲੇ ਆਪਣੀ ਡਿਊਟੀ ’ਤੇ ਪੈਦਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਉਕਤ ਮੁਲਜ਼ਮਾਂ ਨੇ ਸਵਿਫ਼ਟ ਡਿਜ਼ਾਇਰ ਕਾਰ ’ਤੇ ਅੌਰਤ ਦਾ ਪਿੱਛਾ ਕੀਤਾ ਅਤੇ ਜਦੋਂ ਉਹ ਹਸਪਤਾਲ ਦੇ ਗੇਟ ਨੇੜੇ ਪਹੁੰਚੀ ਤਾਂ ਮੁਲਜ਼ਮਾਂ ਨੇ ਉਸਦੇ ਗਲੇ ’ਚੋਂ ਸੋਨੇ ਦੀ ਚੈਨ ਝਪਟਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਵਰਸ਼ਾ ਨੇ ਆਪਣੀ ਚੈਨ ਨੂੰ ਹੱਥਾਂ ਨਾਲ ਫੜ ਲਿਆ ਅਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਤੁਰੰਤ ਹਸਪਤਾਲ ਦੇ ਸਕਿਉਰਿਟੀ ਗਾਰਡ ਨੇ ਚੈਨ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਗੁਰਸ਼ਰਨਦੀਪ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਦੋਂਕਿ ਉਸਦਾ ਦੂਜਾ ਸਾਥੀ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਡੀਐਸਪੀ ਬੱਲ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਕੇ ਫ਼ਰਾਰ ਮੁਲਜ਼ਮ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੀੜਤ ਅੌਰਤ ਵਰਸ਼ਾ ਦੀ ਸ਼ਨਾਖ਼ਤ ’ਤੇ ਪੁਰਾਣਾ ਬੱਸ ਸਟੈਂਡ ਫੇਜ਼-8 ਨੇੜਿਓਂ ਫ਼ਰਾਰ ਹੋਏ ਹਰਮਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 379-ਬੀ, 511, 34 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …