nabaz-e-punjab.com

ਪੰਜਾਬ ਦੀਆਂ ਸਮੂਹ ਵਿਕਾਸ ਅਥਾਰਟੀਆਂ ਵੱਲੋਂ ਜਾਇਦਾਦਾਂ ਦੀ 14 ਰੋਜ਼ਾ ਈ-ਨਿਲਾਮੀ 1 ਅਗਸਤ ਤੋਂ

ਆਈਟੀ ਸਿਟੀ ਮੁਹਾਲੀ ਵਿੱਚ ਦੋ ਹੋਟਲ ਸਾਈਟਾਂ ਤੇ ਨਿਊ ਚੰਡੀਗੜ੍ਹ ਵਿੱਚ ਇਕ ਪੈਟਰੋਲ ਪੰਪ ਸਾਈਟ ਖ਼ਰੀਦਣ ਦਾ ਲੋਕਾਂ ਨੂੰ ਮਿਲੇਗਾ ਮੌਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਅਧੀਨ ਕੰਮ ਕਰ ਰਹੀਆਂ ਹੋਰ ਸਮੂਹ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਕਿ ਪੁੱਡਾ, ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀਡੀਏ), ਜਲੰਧਰ ਵਿਕਾਸ ਅਥਾਰਟੀ (ਜੇਡੀਏ), ਗਲਾਡਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ) ਅਤੇ ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਵੱਲੋਂ ਸੂਬੇ ਭਰ ਵਿੱਚ ਆਪਣੇ ਅਧਿਕਾਰ ਖੇਤਰ ਹੇਠ ਆਉਂਦੀਆਂ ਵੱਖ-ਵੱਖ ਪ੍ਰਾਪਰਟੀਆਂ ਦੀ ਮਹੀਨਾਵਾਰ ਈ-ਨਿਲਾਮੀ ਭਲਕੇ 1 ਅਗਸਤ ਤੋਂ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ। ਪੀਡੀਏ ਦੀ ਈ-ਨਿਲਾਮੀ 14 ਅਗਸਤ ਜਦਕਿ ਬਾਕੀ ਸਾਰੀਆਂ ਵਿਕਾਸ ਅਥਾਰਟੀਆਂ ਦੀ ਈ-ਨਿਲਾਮੀ 13 ਅਗਸਤ ਤੱਕ ਚੱਲੇਗੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੁੱਡਾ ਮੁਹਾਲੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਲੋਕਾਂ ਨੂੰ ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਖਰੀਦਣਾਂ ਦਾ ਮੌਕਾ ਮਿਲੇਗਾ। ਈ-ਨਿਲਾਮੀ ਦੌਰਾਨ ਗਮਾਡਾ ਦੇ ਅਧਿਕਾਰ ਖੇਤਰ ਅਧੀਨ ਆਈ.ਟੀ. ਸਿਟੀ ਵਿਖੇ ਉਦਯੋਗਿਕ ਪਲਾਟ ਖ਼ਰੀਦੇ ਜਾ ਸਕਦੇ ਹਨ ਜੋ ਕਿ ਮੋਹਾਲੀ ਕੌਮਾਂਤਰੀ ਏਅਰਪੋਰਟ ਦੇ ਨਜ਼ਦੀਕ ਹਨ। ਇਸੇ ਤਰ੍ਹਾਂ ਰਾਜਪੁਰਾ ਸਥਿਤ ਉਦਯੋਗਿਕ ਪਲਾਟਾਂ ਦੀ ਵੀ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੁਧਿਆਣਾ ਦੇ ਚੰਡੀਗੜ੍ਹ ਰੋਡ ’ਤੇ ਸੈਕਟਰ-32ਏ ਵਿਚਲੀ ਇਕ ਹੋਟਲ ਸਾਈਟ, ਆਈਟੀ ਸਿਟੀ, ਮੁਹਾਲੀ ਵਿੱਚ ਦੋ ਹੋਟਲ ਸਾਈਟਾਂ ਅਤੇ ਨਿਊ ਚੰਡੀਗੜ੍ਹ ਵਿੱਚ ਇਕ ਪੈਟਰੋਲ ਪੰਪ ਸਾਈਟ ਨੂੰ ਖ਼ਰੀਦਣ ਦਾ ਵੀ ਲੋਕਾਂ ਨੂੰ ਮੌਕਾ ਮਿਲੇਗਾ। ਬਟਾਲਾ ਦੇ ਨਿਊ ਅਰਬਨ ਅਸਟੇਟ ਵਿਖੇ ਇਕ ਸਕੂਲ ਸਾਈਟ ਅਤੇ ਹੋਰ ਵਪਾਰਕ ਥਾਂਵਾਂ ਵੀ ਇਸ ਈ-ਨਿਲਾਮੀ ਦੌਰਾਨ ਖ਼ਰੀਦੀਆਂ ਜਾ ਸਕਦੀਆਂ ਹਨ।
ਬੁਲਾਰੇ ਅਨੁਸਾਰ ਇਸ ਦੌਰਾਨ ਛੋਟੀਆਂ ਕਮਰਸ਼ੀਅਲ ਸਾਈਟਾਂ ਜਿਵੇਂ ਕਿ ਐਸਸੀਐਫ, ਬੂਥ, ਐਸਸੀਓਜ਼, ਬਿਲਟ-ਅਪ ਬੂਥ, ਦੋ ਮੰਜ਼ਿਲਾ ਦੁਕਾਨਾਂ ਅਤੇ ਰਿਹਾਇਸ਼ੀ ਪਲਾਟਾਂ ਆਦਿ ਦੀ ਨਿਲਾਮੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਦੀਆਂ ਥਾਂਵਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਹਨ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ www.puda.e-auctions.in ’ਤੇ ਦੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਥਾਰਟੀਆਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਈ-ਨਿਲਾਮੀਆਂ ਬਹੁਤ ਸਫ਼ਲ ਰਹੀਆਂ ਹਨ ਅਤੇ ਜੁਲਾਈ ਮਹੀਨੇ ਦੌਰਾਨ ਈ-ਨਿਲਾਮੀ ਤੋਂ 72 ਕਰੋੜ ਰੁਪਏ ਦੇ ਕਰੀਬ ਆਮਦਨ ਹੋਈ ਸੀ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…