ਕੈਂਸਰ ਦੇ ਖ਼ਾਤਮੇ ਲਈ ਪੰਜਾਬ ਵੱਲੋਂ ਵਿੱਢੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਆਸਟਰੇਲੀਆ ਸਹਿਮਤ

ਪਾਣੀਆਂ ਦੀ ਸਮੱਸਿਆ ਦੀ ਸ਼ਨਾਖ਼ਤ ਕਰਨ ਵਿੱਚ ਆਸਟਰੇਲੀਆ ਤਕਨੀਕੀ ਮੁਹਾਰਤ ਮੁਹੱਈਆ ਕਰਵਾਏਗਾ

ਆਸਟਰੇਲੀਅਨ ਹਾਈ ਕਮਿਸ਼ਨ ਵੱਲੋਂ ਉਦਯੋਗ ਨੂੰ ਆਕਰਸ਼ਿਤ ਕਰਨ ਲਈ ਕੈਪਟਨ ਅਮਰਿੰਦਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਮਈ
ਪੰਜਾਬ ਦੇ ਦੱਖਣੀ ਹਿੱਸਿਆਂ ਵਿੱਚ ਪਾਣੀ ਦੀ ਸਮੱਸਿਆ ਦੀਆਂ ਜੜ੍ਹਾਂ ਦੀ ਸ਼ਨਾਖ਼ਤ ਕਰਕੇ ਕੈਂਸਰ ਦੇ ਖਾਤਮੇ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਮਦਦ ਕਰਨ ਦੇ ਵਾਸਤੇ ਆਸਟਰੇਲੀਆ ਨੇ ਆਪਣੀ ਮੁਹਾਰਤ ਮੁਹੱਈਆ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਆਸਟਰੇਲੀਆ ਨੇ ਸੂਬੇ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਖੇਤਰਾਂ ਵਿੱਚ ਆਧੁਨਿਕ ਅਮਲਾਂ ਨੂੰ ਹੁਲਾਰਾ ਦੇਣ ਲਈ ਵੀ ਮਦਦ ਦੇਣ ਲਈ ਹਾਮੀ ਭਰੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਭਰੋਸਾ ਅੱਜ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਮੀਟਿੰਗ ਦੌਰਾਨ ਦਿੱਤਾ ਅਤੇ ਆਸਟਰੇਲੀਅਨ ਸਰਕਾਰ ਵੱਲੋਂ ਸਿੱਖਿਆ, ਹੁਨਰ ਸਿਖਲਾਈ, ਖੇਡਾਂ, ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਦੁਵੱਲੇ ਸਹਿਯੋਗ ਤੇ ਭਾਈਵਾਲੀ ਲਈ ਆਪਸੀ ਮਿਲਵਰਤਣ ਨਾਲ ਜੁੜੇ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੱੁਖ ਮੰਤਰੀ ਨੇ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਮੋਗਾ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਖੇ ਧਰਤੀ ਹੇਠਲੇ ਪਾਣੀ ਦੇ ਮਾੜੇ ਮਿਆਰ ਦੇ ਕਾਰਨਾਂ ਦੀ ਸ਼ਨਾਖ਼ਤ ਕਰਨ ਲਈ ਆਸਟਰੇਲੀਆ ਦੀ ਮਦਦ ਮੰਗੀ ਹੈ। ਇਹ ਪਾਣੀ ਕੈਂਸਰ ਦੀ ਬਿਮਾਰੀ ਦਾ ਵੱਡਾ ਕਾਰਨ ਬਣਦਾ ਹੈ। ਮੋਗਾ ਜ਼ਿਲ੍ਹੇ ਦੇ ਧਰਮਕੋਟ ਕਸਬੇ ਨਾਲ ਸਬੰਧਤ ਪੰਜਾਬੀ ਮੂਲ ਦੀ ਆਸਟਰੇਲੀਅਨ ਹਾਈ ਕਮਿਸ਼ਨਰ ਨੇ ਇਸ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਆਸਟਰੇਲੀਆ ਸਰਕਾਰ ਦੀ ਤਰਫੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਤਾਂ ਜੋ ਸੂਬੇ ਵਿੱਚੋਂ ਕੈਂਸਰ ਦੀ ਲਾਹਨਤ ਨੂੰ ਖਤਮ ਕੀਤਾ ਜਾ ਸਕੇ। ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਬਾਰੇ ਦੋਵਾਂ ਆਗੂਆਂ ਨੇ ਵਿਚਾਰ-ਵਟਾਂਦਰਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੇ ਆਸਟਰੇਲੀਆ ਦੇ ਕਿਸਾਨਾਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਸੂਬੇ ਦੇ ਅਗਾਂਹਵਧੂ ਕਿਸਾਨ ਖੇਤੀਬਾੜੀ ਦੇ ਨਵੇਂ ਤੇ ਵਿਗਿਆਨਕ ਅਮਲਾਂ ਦਾ ਗਿਆਨ ਹਾਸਲ ਕਰਕੇ ਫਸਲ ਦਾ ਵੱਧ ਝਾੜ ਲੈ ਸਕਣ।
ਸ੍ਰੀਮਤੀ ਸਿੱਧੂ ਨੇ ਸਬਜ਼ੀਆਂ ਤੇ ਫਲਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਸੂਬਾ ਸਰਕਾਰ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਤਾਂ ਜੋ ਕਿਸਾਨਾਂ ਦੀ ਆਮਦਨ ਵਧਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪਸ਼ੂਆਂ ਦੀਆਂ ਨਸਲਾਂ ਵਿੱਚ ਸੁਧਾਰ ਲਿਆਉਣ ਲਈ ਤਕਨੀਕੀ ਗਿਆਨ ਪ੍ਰਾਪਤ ਹੋ ਸਕੇ। ਸ੍ਰੀਮਤੀ ਸਿੱਧੂ ਨੇ ਪੰਜਾਬ ਵਿੱਚ ਉਦਯੋਗ ਨੂੰ ਆਕਰਸ਼ਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀਆਂ ਸਫਲ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਉੱਘੇ ਉਦਯੋਗਪਤੀਆਂ ਨਾਲ ਕੀਤੇ ਗਏ ਵਿਚਾਰ-ਵਟਾਂਦਰੇ ਬਾਰੇ ਹਾਈ ਕਮਿਸ਼ਨਰ ਨੂੰ ਜਾਣੰੂ ਕਰਵਾਉਂਦੇ ਹੋਏ ਦੱਸਿਆ ਕਿ ਉਹ ਇਸੇ ਤਰ੍ਹਾਂ ਦੀ ਸ਼ਕਤੀਸ਼ਾਲੀ ਸਨਅਤੀ ਭਾਈਵਾਲੀ ਤੇ ਤਕਨੀਕੀ ਸਮਝੌਤੇ ਆਸਟਰੇਲੀਆ ਨਾਲ ਕਰਨ ਦੀ ਵੀ ਇੱਛਾ ਰੱਖਦੇ ਹਨ ਤਾਂ ਪੰਜਾਬ ਦੇ ਵਿਕਾਸ ਨੂੰ ਗਤੀ ਦਿੱਤੀ ਜਾ ਸਕੇ।
ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦੇ ਸਬੰਧ ਵਿੱਚ ਸ੍ਰੀਮਤੀ ਹਰਿੰਦਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਉਚੇਰੀ ਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਨਾਲ ਸਮਝੌਤਾ ਕਰਨ ਲਈ ਉਤਸੁਕ ਹੈ। ਉਨ੍ਹਾਂ ਨੇ ਆਸਟਰੇਲੀਆ ਸਰਕਾਰ ਦੀ ਭਾਈਵਾਲੀ ਨਾਲ ਹੁਨਰ ਵਿਕਾਸ ਦੇ ਨਵੇਂ ਕੋਰਸ ਸ਼ੁਰੂ ਕਰਨ ਪ੍ਰਤੀ ਵੀ ਆਪਣੀ ਇੱਛਾ ਪ੍ਰਗਟਾਈ ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਦੇ ਸਮਰੱਥ ਬਣਾਇਆ ਜਾ ਸਕੇਗਾ। ਅਜਿਹੇ ਸਿੱਖਿਅਤ ਨੌਜਵਾਨ ਉਦਯੋਗ ਦੀਆਂ ਸਥਾਨਕ ਲੋੜਾਂ ਦੇ ਅਨੁਸਾਰ ਹੋਰਨਾਂ ਨੌਜਵਾਨਾਂ ਨੂੰ ਹੁਨਰ ਵਿਕਾਸ ਦੀ ਸਿਖਲਾਈ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਸਮਰਥ ਬਣਾ ਸਕਦੇ ਹਨ। ਦੋਵਾਂ ਆਗੂਆਂ ਨੇ ਖੇਡਾਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਵਿਚਾਰ-ਚਰਚਾ ਕੀਤੀ।
ਸ੍ਰੀਮਤੀ ਸਿੱਧੂ ਨੇ ਦੱਸਿਆ ਕਿ ਆਸਟਰੇਲੀਆ ਸਰਕਾਰ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨਾਲ ਸਮਝੌਤਾ ਕਰਨ ਦੇ ਨੇੜੇ ਪਹੁੰਚ ਗਈ ਹੈ ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਕੋਚਾਂ ਨੂੰ ਨਵੇਂ ਖੇਡ ਹੁਨਰ ਦੱਸੇ ਜਾ ਸਕਣ। ਉਨ੍ਹਾਂ ਕਿਹਾ ਕਿ ਆਸਟਰੇਲੀਆ ਸਰਕਾਰ ਵੱਲੋਂ ਇਨ੍ਹਾਂ ਲੀਹਾਂ ’ਤੇ ਹੀ ਕੌਮੀ ਖੇਡ ਸੰਸਥਾ, ਪਟਿਆਲਾ ਨਾਲ ਇਕ ਸਮਝੌਤਾ ਸਹੀਬੰਦ ਕਰਨ ਵਿੱਚ ਦਿਲਚਸਪੀ ਰੱਖਦੀ ਹੈ। ਸ੍ਰੀਮਤੀ ਸਿੱਧੂ ਨੇ ਕਿਹਾ ਕਿ ਪੰਜਾਬੀਆਂ ਨੇ ਆਸਟਰੇਲੀਆ ਦੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਦਿੱਤਾ ਹੈ ਅਤੇ ਉਥੋਂ ਦੇ ਸਰਬਪੱਖੀ ਵਿਕਾਸ ਤੇ ਭਲਾਈ ਲਈ ਸਮਰਪਿਤ ਭਾਵਨਾ ਤੇ ਵਚਨਬੱਧਤਾ ਨਾਲ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਸੀ ਹਿੱਤਾਂ ਦੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਨਾਲ ਸਮਝੌਤਾ ਕਰਨ ਲਈ ਤਿਆਰ ਹਨ। ਵਫ਼ਦ ਵਿੱਚ ਆਸਟਰੇਲੀਆ ਦੇ ਵਿਦੇਸ਼ੀ ਮਾਮਲਿਆਂ ਤੇ ਵਪਾਰ ਵਿਭਾਗ ਦੇ ਫਸਟ ਸੈਕਟਰੀ ਤਾਨਿਆ ਅਤੇ ਨਾਰਥਵੈਸਟ ਇੰਡੀਆ ਆਸਟਰੇਲੀਅਨ ਟਰੇਡ ਐਂਡ ਇਨਵੈਸਟਮੈਂਟ ਕਮਿਸ਼ਨਰ ਦੇ ਡਾਇਰੈਕਟਰ ਅਸ਼ਿਸ਼ ਸ਼ਰਮਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…