ਸਰਹੱਦ ਮੁਕਤ ਵਿਸ਼ਵ ਦਾ ਸੁਪਨਾ ਲੈਂਦੀ ਲੇਖਕ ਰਾਜਨ ਸਿੱਧੂ ਦੀ ਕਿਤਾਬ ‘ਅਰਥੀਅਨ’ ਰਿਲੀਜ਼

ਧਰਤੀ ਨੂੰ ਹਥਿਆਰ, ਪ੍ਰਦੂਸ਼ਣ, ਜਾਤ-ਪਾਤ ਅਤੇ ਦੁਸ਼ਮਣੀ ਮੁਕਤ ਕਰਨ ਦਾ ਬੀੜਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਵਿਸ਼ਵ ਭਰ ਵਿੱਚ ਦਿਨੋਂ ਦਿਨ ਪ੍ਰਦੂਸ਼ਣ, ਭੇਦ-ਭਾਵ, ਹਥਿਆਰਾਂ ਅਤੇ ਨਾਬਰਾਬਰੀ ਦਾ ਵਰਤਾਰਾ ਵੱਧਦਾ ਹੀ ਜਾ ਰਿਹਾ ਹੈ, ਜਿਸ ਕਰਕੇ ਧਰਤੀ ਉਤੇ ਹਰ ਇਕ ਮਨੁੱਖ ਇਕ ਦੂਜੇ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਇਸੇ ਵਰਤਾਰੇ ਨੂੰ ਖ਼ਤਮ ਕਰਨ ਅਤੇ ਵਿਸ਼ਵ ਨੂੰ ਸਰਹੱਦ ਮੁਕਤ ਕਰਨ ਦਾ ਸੁਪਨਾ ਲੇਖਕ ਰਾਜਨ ਸਿੱਧੂ ਨੇ ਆਪਣੀ ਕਿਤਾਬ ‘ਅਰਥੀਅਨ’ ਰਾਹੀਂ ਦੇਖਿਆ ਹੈ। ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਲੇਖਕ ਰਾਜਨ ਸਿੱਧੂ ਨੇ ਮਿਸ਼ਨ ਅਰਥੀਅਨ ਤਹਿਤ ਆਪਣੀ ਕਿਤਾਬ ‘ਅਰਥੀਅਨ’ ਨੂੰ ਰਿਲੀਜ਼ ਕੀਤਾ।
ਇਸ ਸਮਾਰੋਹ ਮੌਕੇ ਲੇਖਕ ਰਾਜਨ ਸਿੱਧੂ ਨੇ ਦਸਿਆ ਕਿ ਉਨ੍ਹਾਂ ਦੀ ਇਹ ਦਿਲੀ ਇੱਛਾ ਹੈ ਕਿ ਧਰਤੀ ਨੂੰ ਸਰਹੱਦ ਮੁਕਤ, ਹਥਿਆਰਾਂ ਤੋਂ ਮੁਕਤ, ਜਾਤ-ਪਾਤ ਮੁਕਤ, ਮੁਦਰਾ ਮੁਕਤ ਅਤੇ ਦੁਸ਼ਮਣੀ ਮੁਕਤ ਕੀਤਾ ਜਾਵੇ ਤਾਂ ਜੋ ਧਰਤੀ ਦਾ ਹਰੇਕ ਨਾਗਰਿਕ ਇਕ ਖੂੰਖਾਰ ਜਾਨਵਰ ਦੀ ਬਿਰਤੀ ਛੱਡ ਇਕ ਆਮ ਨਾਗਰਿਕ ਦੀ ਤਰ੍ਹਾਂ ਸ਼ਾਂਤੀਪੂਰਵਕ ਜ਼ਿੰਦਗੀ ਜੀਅ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਪੈਸੇ ਦੀ ਦੌੜ ਵਿੱਚ ਆਪਣੀ ਅਸਲ ਜ਼ਿੰਦਗੀ ਜਿਊਣ ਦੀ ਜਾਚ ਵੀ ਭੁੱਲਦਾ ਜਾ ਰਿਹਾ ਹੈ। ਮੈਂ ਸੋਚਦਾ ਹਾਂ ਕਿ ਇਹ ਤਦ ਹੀ ਸੰਭਵ ਹੈ ਜੇਕਰ ਅਸੀਂ ਵਧੇਰੇ ਦੌਲਤ ਇਕੱਠੀ ਕਰਨ, ਲੁੱਟਖਸੁੱਟ, ਬੇਰੁਜ਼ਗਾਰੀ, ਖੁਦਕੁਸ਼ੀਆਂ, ਕਰਜ਼ਾ, ਕੁਦਰਤ ਦਾ ਘਾਣ ਆਦਿ ਬੁਰਾਈਆਂ ਨੂੰ ਜੜ੍ਹੋਂ ਖਤਮ ਕਰ ਸਕੀਏ। ਨਾਲ ਹੀ ਹਰ ਪਿੰਡ, ਸ਼ਹਿਰ, ਸੂਬੇ ਨੂੰ ਇਕ ਉਚ ਪੱਧਰ ਦੇ ਸਿਸਟਮ ਤਹਿਤ ਦੇਸ਼ ਬਣਾ ਕੇ ਇਕ ਵਿਸ਼ਾਲ ਧਰਤੀ ਦੀ ਸਿਰਜਣਾ ਕਰ ਸਕੀਏ। ਇਸ ਮਿਸ਼ਨ ਤਹਿਤ ਹੀ ਸਮੂਹ ਧਰਤੀ ਨੂੰ ਇੱਕ ਦੇਸ਼ ਬਣਾ ਕੇ ਮਨੁੱਖ ਨੂੰ ਅਰਥੀਅਨ ਬਣਾਇਆ ਜਾ ਸਕਦਾ ਹੈ। ਸਾਨੂੰ ਕੁਦਰਤ ਦੀਆਂ ਬਖ਼ਸ਼ੀਆਂ ਅਪਾਰ ਬਖ਼ਸ਼ਿਸ਼ਾਂ ਨੂੰ ਸੰਭਾਲਣ ਦੀ ਲੋੜ ਹੈ ਅਤੇ ਲੋਕਾਂ ਤੇ ਜੀਵਾਂ ਉਪਰ ਅੱਤਿਆਚਾਰ ਬੰਦ ਕਰਨੇ ਸਮੇਂ ਦੀ ਲੋੜ ਹੈ।
ਲੇਖਕ ਸਿੱਧੂ ਦਾ ਕਹਿਣਾ ਹੈ ਕਿ ਹਵਾ ਰੂਪੀ ਪ੍ਰਦੂਸ਼ਣ ਨੂੰ ਖ਼ਤਮ ਕਰਕੇ ਸਮੂਹ ਜੀਵਾਂ ਨੂੰ ਸਾਹ ਲੈਣ ਯੋਗ ਵਾਤਾਵਰਣ ਬਣਾਉਣਾ ਅਤਿ ਜ਼ਰੂਰੀ ਹੈ, ਤਦ ਹੀ ਅਸੀਂ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰ ਸਕਦੇ ਹਾਂ। ਇਸੇ ਤਰ੍ਹਾਂ ਚੰਦ ’ਤੇ ਪਲਾਟ ਜਾਂ ਮੰਗਲ ਗ੍ਰਹਿ ’ਤੇ ਪਾਣੀ ਭਾਲਣ ਦੀ ਥਾਂ ਦਰੱਖਤਾਂ, ਜੰਗਲਾਂ ਅਤੇ ਹੋਰ ਬਨਸਪਤੀ ਦੀ ਸਾਂਭ-ਸੰਭਾਲ ਕਰਕੇ ਧਰਤੀ ਨੂੰ ਹੀ ਜਿਊਣ ਯੋਗ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਲਾਲਸਾ ਹੋਣੀ ਜ਼ਰੂਰੀ ਹੈ।
ਅੰਤ ਵਿਚ ਉਹਨਾਂ ਇਹ ਸਾਫ਼ ਕੀਤਾ ਕਿ ‘ਮਿਸ਼ਨ ਅਰਥੀਅਨ’ ਤਹਿਤ ਉਹ ਕੋਈ ਜਥੇਬੰਦਕ ਢਾਂਚਾ ਬਣਾਉਣ ਦੀ ਥਾਂ ਇਕ ਕਾਫ਼ਲਾ ਬਣਾਉਣ ਨੂੰ ਤਰਜੀਹ ਦੇਣਗੇ, ਜੋ ਦਿਨ ਪ੍ਰਤੀ ਦਿਨ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਹੋਰ ਵੱਡਾ ਹੁੰਦਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਜੇਕਰ ਸਰਕਾਰ ਭਵਿੱਖ ਵਿੱਚ ਕੋਈ ਅਜਿਹੀ ਪਹਿਲਕਦਮੀ ਕਰਦੀ ਹੈ ਤਾਂ ਸਾਡਾ ਕਾਫਲਾ ਹਮੇਸ਼ਾਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…