ਸੜਕ ਹਾਦਸੇ ਵਿੱਚ ਆਟੋ ਚਾਲਕ ਦੀ ਮੌਤ, ਪਤੀ-ਪਤਨੀ ਗੰਭੀਰ ਜ਼ਖ਼ਮੀ

ਸੈਕਟਰ-70 ਤੇ ਫੇਜ਼-7 ਟਰੈਫ਼ਿਕ ਲਾਈਟ ਚੌਕ ’ਤੇ ਵਾਪਰਿਆ ਸੜਕ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਇੱਥੋਂ ਦੇ ਸੈਕਟਰ-70 ਅਤੇ ਫੇਜ਼-7 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਸਨਿੱਚਰਵਾਰ ਨੂੰ ਸਵੇਰੇ ਹੋਂਡਾ ਸਿਟੀ ਕਾਰ ਅਤੇ ਆਟੋ ਦੀ ਹੋਈ ਭਿਆਨਕ ਟੱਕਰ ਵਿੱਚ ਆਟੋ ਚਾਲਕ ਅਰਜਨ ਯਾਦਵ (35) ਦੀ ਮੌਤ ਹੋ ਗਈ ਜਦੋਂਕਿ ਪਤੀ-ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀ ਅਦਿੱਤੀ ਅਤੇ ਉਸ ਦੇ ਪਤੀ ਅਭਿਮੰਨਿਊ ਨੂੰ ਸੈਕਟਰ-33 ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਸਬੰਧੀ ਜ਼ਖ਼ਮੀ ਅਦਿੱਤੀ ਦੇ ਪਤੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਹਾਂਡਾ ਸਿਟੀ ਕਾਰ ਦੇ ਚਾਲਕ ਪਿਰਥੀ ਠਾਕਰ ਵਾਸੀ ਮੁਹਾਲੀ ਦੇ ਖ਼ਿਲਾਫ਼ ਧਾਰਾ 279, 337, 427 ਅਤੇ 304ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਸੈਕਟਰ-70 ਅਤੇ ਫੇਜ਼-7 ਦੇ ਲਾਲ ਬੱਤੀ ਪੁਆਇੰਟ ’ਤੇ (ਨੇੜੇ ਬਿਜਲੀ ਗਰਿੱਡ) ਅੱਜ ਸਵੇਰੇ ਇੱਕ ਤੇਜ ਰਫ਼ਤਾਰ ਹਾਂਡਾ ਸਿਟੀ ਕਾਰ ਨੇ ਫੇਜ਼-5 ਵਾਲੇ ਪਾਸਿਓਂ ਆ ਰਹੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਮਗਰੋਂ ਬੇਕਾਬੂ ਹੋਈ ਕਾਰ ਨੇ ਉੱਥੋਂ ਐਕਟਿਵਾ ’ਤੇ ਜਾ ਰਹੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ ਦਾ ਚਾਲਕ ਅਤੇ ਐਕਟਿਵਾ ’ਤੇ ਸਵਾਰ ਪਤੀ-ਪਤਨੀ ਅਭਿਮੰਨਿਊ ਅਤੇ ਅਦਿੱਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਹਾਂਡਾ ਸਿਟੀ ਕਾਰ ਇੱਕ ਦਰਖਤ ਨਾਲ ਜਾ ਟਕਰਾਈ। ਆਟੋ ਚਾਲਕ ਅਰਜਨ ਯਾਦਵ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਲੇਕਿਨ ਡਾਕਟਰਾਂ ਨੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਵਿੱਚ ਰੈਫਰ ਕਰ ਦਿੱਤਾ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਦੋਂਕਿ ਐਕਟਿਵਾ ਸਵਾਰ ਅਦਿੱਤੀ ਅਤੇ ਉਸ ਦੇ ਪਤੀ ਅਭਿਮੰਨਿਊ ਨੂੰ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਦੇ ਦੱਸਣ ਅਨੁਸਾਰ ਹਾਦਸੇ ਵਿੱਚ ਅਦਿੱਤੀ ਦੀ ਲੱਤ ਟੁੱਟ ਗਈ ਦੱਸੀ ਜਾ ਰਹੀ ਹੈ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…