nabaz-e-punjab.com

ਜ਼ੀਰਕਪੁਰ ਪੁਲੀਸ ਨੇ ਆਟੋ ਚਾਲਕ ਦੇ ਕਤਲ ਦੇ ਮਾਮਲੇ ਨੂੰ ਸੁਲਝਾਇਆ

ਨਾਜਾਇਜ਼ ਸੰਬੰਧਾਂ ਕਾਰਨ ਦੋ ਸਹਿ ਆਟੋ ਚਾਲਕਾਂ ਨੇ ਕੀਤਾ ਕਤਲ

ਪੁਲੀਸ ਨੇ ਕਾਤਲਾਂ ਨੂੰ ਕੀਤਾ ਗ੍ਰਿਫ਼ਤਾਰ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 22 ਅਗਸਤ:
ਜ਼ੀਰਕਪੁਰ ਪੁਲੀਸ ਨੇ ਡੇਰਾਬੱਸੀ ਵਸਨੀਕ ਆਟੋ ਚਾਲਕ ਦੇ ਕਤਲ ਦੇ ਮਾਮਲੇ ਨੂੰ 24 ਘੰਟੇ ਦੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਇਸ ਮਾਮਲੇ ਚ ਮ੍ਰਿਤਕ ਦੇ ਨਾਲ ਦੋ ਸਹਿ ਆਟੋ ਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਤਹਿਤ ਇਹ ਕਤਲ ਕੀਤਾ ਹੈ। ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ 46 ਸਾਲਾਂ ਦਾ ਪ੍ਰਮੋਦ ਕੁਮਾਰ ਵਾਸੀ ਗਲੀ ਨੰਬਰ 10 ਗੁਲਾਬਗੜ੍ਹ ਰੋਡ ਡੇਰਾਬੱਸੀ ਅਤੇ 24 ਸਾਲਾਂ ਦਾ ਗੌਰਵ ਵਾਸੀ ਗੁਲਾਬਗੜ੍ਹ ਦੇ ਰੂਪ ਚ ਹੋਈ ਹੈ।
ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੀ 200 ਫੁਟੀ ਐਰੋ ਸਿਟੀ ਰੋਡ ਤੇ ਲੰਘੇ ਕਲ ਪੁਲੀਸ ਨੂੰ ਡੇਰਾਬੱਸੀ ਬਾਲਾ ਜੀ ਨਗਰ ਵਸਨੀਕ ਹਰਿੰਦਰ ਸਿੰਘ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਗਰਦਨ ਤੇ ਚਾਕੂ ਨਾਲ ਵਾਰ ਕਰਨ ਦੇ ਨਿਸ਼ਾਨ ਸੀ ਅਤੇ ਉਸਦੀ ਗਰਦਨ ਬਿਜਲੀ ਦੀ ਤਾਰ ਲਪੇਟੀ ਹੋਈ ਸੀ ਜਿਸ ਤੋਂ ਸਪਸ਼ਟ ਸੀ ਕਿ ਉਸਦੀ ਗਰਦਨ ਨੂੰ ਬਿਜਲੀ ਦੀ ਤਾਰ ਨਾਲ ਘੋਟਿਆ ਹੋਇਆ ਸੀ। ਮ੍ਰਿਤਕ ਕੁਵਾਰਾ ਸੀ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਆਰੰਭੀ ਸੀ।
ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਟੋ ਚਲਾਉਂਦਾ ਸੀ ਅਤੇ ਲੰਘੇ ਵੀਰਵਾਰ ਰਾਤ ਨੂੰ 9 ਵਜੇ ਘਰ ਤੋਂ ਆਟੋ ਲੈ ਕੇ ਨਿਕਲਿਆ ਸੀ। ਉਨ੍ਹਾਂ ਨੇ ਦੱਸਿਆ ਕਿ 46 ਸਾਲਾਂ ਦੇ ਪ੍ਰਮੋਦ ਦੇ ਕਿਸੇ ਚੰਡੀਗੜ੍ਹ ਸੈਕਟਰ 25 ਵਸਨੀਕ ਇਕ ਔਰਤ ਨਾਲ ਨਾਜਾਇਜ਼ ਸੰਬੰਧ ਸੀ ਜਿਸਤੇ ਮ੍ਰਿਤਕ ਮੈਲੀ ਅੱਖ ਰੱਖਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਚ ਤਕਰਾਰ ਰਹਿੰਦੀ ਸੀ। ਤਕਰਾਰ ਐਨੀ ਵੱਧ ਗਈ ਕਿ ਪ੍ਰਮੋਦ ਨੇ ਹਰਿੰਦਰ ਨੂੰ ਰਾਹ ਚੋ ਪਾਸੇ ਹਟਾਉਣ ਦੀ ਯੋਜਨਾ ਬਣਾ ਲਈ। ਇਸ ਲਈ ਉਸਨੇ ਆਪਣੇ ਦੋਸਤ ਅਤੇ ਆਟੋ ਚਾਲਕ ਗੌਰਵ ਨੂੰ ਨਾਲ ਲਾ ਲਿਆ। ਉਨ੍ਹਾਂ ਨੇ ਦੱਸਿਆ ਕਿ ਲੰਘੀ ਰਾਤ ਪ੍ਰਮੋਦ ਵਲੋਂ ਪਹਿਲਾ ਬਣਾਈ ਯੋਜਨਾ ਤਹਿਤ ਗੌਰਵ ਨੇ ਮ੍ਰਿਤਕ ਹਰਿੰਦਰ ਨੂੰ ਸ਼ਰਾਬ ਪਿਲਾਈ ਬਾਅਦ ਚ ਦੋਵਾਂ ਨੇ ਬਿਜਲੀ ਦੀ ਤਾਰ ਨਾਲ ਉਕਤ ਥਾਂ ਤੇ ਉਸਦਾ ਗੱਲ ਘੋਟ ਕੇ ਮਾਰ ਦਿੱਤਾ ਅਤੇ ਉਸਦੀ ਲਾਸ਼ ਮੌਕੇ ਤੇ ਹੀ ਸੁੱਟ ਦਿੱਤੀ। ਪੁਲੀਸ ਮੁਲਜ਼ਮਾਂ ਨੂੰ ਕਲ ਅਦਾਲਤ ਚ ਪੇਸ਼ ਕਰੇਗੀ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…