
ਆਟੋ ਰਿਕਸ਼ਾ ਯੂਨੀਅਨ ਵੱਲੋਂ ਅੌਰਤਾਂ ਨੂੰ ਚੌਕਸ ਰਹਿਣ ਦੀ ਅਪੀਲ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਨਵੰਬਰ:
ਸਥਾਨਕ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ ਬੰਗੜ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੁਰਾਲੀ ਅਤੇ ਨੇੜਲੇ ਇਲਾਕੇ ਦੀਆਂ ਅੌਰਤਾਂ ਕਿਸੇ ਵੀ ਆਟੋ ਰਿਕਸ਼ਾ ਵਿੱਚ ਬੈਠਣ ਤੋਂ ਪਹਿਲਾ ਉਸ ਦਾ ਨੰਬਰ ਨੋਟ ਕਰਨ ਅਤੇ ਟੈਪਰੇਰੀ ਨੰਬਰ ਵਾਲੇ ਆਟੋ ਰਿਕਸ਼ਿਆਂ ਵਿੱਚ ਬੈਠਣ ਤੋਂ ਗੁਰੇਜ਼ ਕਰਨ। ਉਨ੍ਹਾਂ ਚੰਡੀਗੜ੍ਹ ਵਿੱਚ ਆਟੋ ਰਿਕਸ਼ਾ ਵਿੱਚ ਹੋਏ ਬਲਾਤਕਾਰ ਕਾਂਡ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਨਸਾਨੀਅਤ ਦੇ ਮੱਥੇ ’ਤੇ ਕਲੰਕ ਲਗਾਉਣ ਵਾਲੇ ਅਜਿਹੇ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ਵਿੱਚ ਮੁਆਫ਼ੀ ਨਹੀਂ ਮਿਲਣੀ ਚਾਹੀਦੀ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਣੇ ਪੇਟ ਪਾਲਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਬਦਨਾਮ ਕਰਨ ਵਾਲੇ ਅਜਿਹੇ ਵਿਅਕਤੀਆਂ ਦੀ ਜਲਦੀ ਸ਼ਨਾਖ਼ਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ ਯੁਨੀਅਨ ਕੁਰਾਲੀ ਹਮੇਸ਼ਾ ਹੀ ਅਨੁਸ਼ਾਸਨਤਾ ਦੀ ਪਾਬੰਦ ਰਹੀ ਹੈ ਅਤੇ ਹਮੇਸ਼ਾਂ ਹੀ ਕੁਰਾਲੀ ਪੁਲੀਸ ਨੂੰ ਸਹਿਯੋਗ ਕਰਦੀ ਆਈ ਹੈ।