
ਬਲੌਂਗੀ ਥਾਣੇ ਦੇ ਪਿੱਛੇ ਰਿਹਾਇਸ਼ੀ ਕਲੋਨੀ ’ਚੋਂ ਆਟੋ ਚੋਰੀ
ਸੀਸੀਟੀਵੀ ਕੈਮਰੇ ’ਚ ਨਜ਼ਰ ਆਏ ਆਟੋ ਨੂੰ ਚੋਰੀ ਕਰਕੇ ਲਿਜਾਉਂਦੇ ਹੋਏ ਦੋ ਵਿਅਕਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਥਾਣੇ ਦੇ ਪਿੱਛੇ ਰਿਹਾਇਸ਼ੀ ਕਲੋਨੀ ਵਿੱਚ ਚੋਰਾਂ ਨੇ ਰਾਤ ਸਮੇਂ ਘਰ ਦੇ ਬਾਹਰ ਖੜ੍ਹਾ ਆਟੋ ਚੋਰੀ ਕਰ ਲਿਆ। ਪੁਲੀਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਟੋ ਦੇ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਨੇ ਆਪਣਾ ਆਟੋ ਰੋਜ਼ਾਨਾ ਵਾਂਗ ਕਿਰਾਏ ਦੇ ਮਕਾਨ ਦੇ ਬਾਹਰ ਖੜ੍ਹਾ ਕੀਤਾ ਸੀ, ਜੋ ਰਾਤ ਨੂੰ ਚੋਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਆਟੋ ਚਲਾ ਕੇ ਹੀ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰ ਰਿਹਾ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲੌਂਗੀ ਸਮੇਤ ਹੋਰਨਾਂ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਗਈਆਂ ਹਨ। ਇੱਕ ਸੀਸੀਟੀਵੀ ਕੈਮਰੇ ਦੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਦੋ ਵਿਅਕਤੀ ਰਾਤ ਨੂੰ ਕਰੀਬ ਪੌਣੇ 12 ਵਜੇ ਆਟੋ ਚੋਰੀ ਕਰਕੇ ਲਿਜਾ ਰਹੇ ਹਨ। ਚੋਰ ਆਟੋ ਨੂੰ ਧੱਕਾ ਲਗਾ ਕੇ ਲਿਆਏ ਅਤੇ ਕਾਫ਼ੀ ਦੂਰ ਆ ਕੇ ਸਟਾਰਟ ਕਰਕੇ ਫਰਾਰ ਹੋ ਗਏ। ਪੁਲੀਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਇਸ ਖੇਤਰ ਵਿੱਚ ਚਲਦੇ ਜ਼ਿਆਦਾਤਰ ਪੀਜੀ ਕੇਂਦਰਾਂ ਦੇ ਕੈਮਰੇ ਜਾਂ ਤਾਂ ਬੰਦ ਹਨ ਜਾਂ ਖ਼ਰਾਬ ਸਨ ਅਤੇ ਕਈ ਕੈਮਰੇ ਬਹੁਤ ਧੁੰਦਲੇ ਸਨ।
ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਥਾਂ ਤੋਂ ਆਟੋ ਚੋਰੀ ਹੋਇਆ ਉਸਦੇ ਆਸਪਾਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀਆਂ ਗਈਆਂ ਹਨ। ਮੁੱਢਲੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਕਿਹਾ ਕਿ ਆਮ ਤੌਰ ’ਤੇ ਪੁਲੀਸ ਵੱਲੋਂ ਅਜਿਹੀ ਕਿਸੇ ਵਾਰਦਾਤ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਕੇਸ ਦਰਜ ਕੀਤਾ ਜਾਂਦਾ ਹੈ, ਪ੍ਰੰਤੂ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਹਾਸਲ ਕਰਕੇ ਪੁਲੀਸ ਨੂੰ ਤੁਰੰਤ ਬਣਦੀ ਕਾਰਵਾਈ ਕਰਨ ਲਈ ਕਹਿਣਗੇ। ਉਂਜ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਘਰਾਂ ਦੇ ਬਾਹਰ ਖੜੇ ਕਰਨ ਦੀ ਬਿਜਾਏ ਚਾਰਦੀਵਾਰੀ ਦੇ ਅੰਦਰ ਖੜੇ ਕੀਤੇ ਜਾਣ।