
ਰਿਆਤ ਬਾਹਰਾ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਬਣੀ ਅਵਿਨਾਸ਼ ਰਾਏ ਖੰਨਾ ਦੀ ਕਿਤਾਬ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਅੱਜ ‘ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਤੇ ਭਾਜਪਾ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵੱਲੋਂ ਲਿਖੀ ਕਿਤਾਬ ‘ਸਮਾਜ ਚਿੰਤਨ’ ਨੂੰ ਯੂਨੀਵਰਸਿਟੀ ਪਾਠਕ੍ਰਮ ਵਿੱਚ ਸ਼ਾਮਲ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਨੂੰ ਪਾਠਕ੍ਰਮ ਦੇ ਐਲੀਮੈਂਟਸ ਸਮਾਜ ਸ਼ਾਸਤਰ, ਮਨੁੱਖੀ ਕਦਰਾਂ ਕੀਮਤਾਂ ਅਤੇ ਪੇਸ਼ੇਵਰ ਨੈਤਿਕਤਾ ਦਾ ਇਕ ਅਨਿੱਖੜਵਾਂ ਅੰਗ ਮੰਨਿਆ ਗਿਆ ਹੈ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਮਾਰੋਹ ਵਿੱਚ ਪਹੁੰਚਣ ’ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਨਿੱਜੀ ਤਜ਼ੁਰਬਿਆਂ ’ਤੇ ਆਧਾਰਿਤ ਇਸ ਕਿਤਾਬ ਨੂੰ ਲਿਖਣ ਲਈ ਭਾਜਪਾ ਆਗੂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਸਮਾਜ ਚਿੰਤਨ’ ਪੁਸਤਕ ਪਾਠਕਾਂ ਦੇ ਮਨ੍ਹਾਂ ’ਤੇ ਅਮਿੱਟ ਪ੍ਰਭਾਵ ਛੱਡੇਗੀ ਕਿਉਂਕਿ ਇਹ ਸਮਾਜ ਦੇ ਅਸਲ ਅਕਸ ਨੂੰ ਦਰਸਾਉਂਦੀ ਕੀਮਤੀ ਵਿਚਾਰਾਂ ਦਾ ਸੰਗ੍ਰਹਿ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਸਲਾਹਕਾਰ ਡਾ. ਏ.ਸੀ. ਵੈਦ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਸੰਤੁਲਿਤ ਸ਼ਖ਼ਸੀਅਤਾਂ ਪੈਦਾ ਕਰਨ ਦੇ ਉਦੇਸ਼ ਨਾਲ ਉਦਾਰਵਾਦੀ ਕਲਾਵਾਂ ਦੀ ਤਰਜ਼ ’ਤੇ ਖੁੱਲ੍ਹੇ ਇਲੈਕਟਿਵਜ਼ ਅਤੇ ਯੂਨੀਵਰਸਿਟੀ ਇਲੈਕਟਿਵਜ਼ ਪੇਸ਼ ਕਰਦੀ ਹੈ। ਇਸ ਵਿਚਾਰਧਾਰਾ ਦੇ ਅਨੁਸਾਰ ਅਸੀਂ ਦੋ ਵਿਸ਼ਿਆਂ ਦੀ ਪੇਸ਼ਕਸ਼ ਕਰ ਰਹੇ ਹਾਂ, ਜਿਵੇਂ ਕਿ ਸਮਾਜ ਸ਼ਾਸਤਰ ਦੇ ਤੱਤ, ਮਨੁੱਖੀ ਕਦਰਾਂ ਕੀਮਤਾਂ ਅਤੇ ਪੇਸ਼ੇਵਰ ਨੈਤਿਕਤਾ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜ ਚਿੰਤਨ ਇਨ੍ਹਾਂ ਦੋਵਾਂ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਸਭ ਤੋਂ ਢੁਕਵਾਂ ਰਹੇਗਾ। ਇਸ ਲਈ ਯੂਨੀਵਰਸਿਟੀ ਨੇ ਆਪਣੇ ਪਾਠਕ੍ਰਮ ਵਿੱਚ ਕਿਤਾਬ ਦੀ ਸਿਫ਼ਾਰਿਸ਼ ਕੀਤੀ ਹੈ। ਸਮਾਰੋਹ ਦੇ ਅੰਤ ਵਿੱਚ ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਭਗਵੰਤ ਸਿੰਘ ਸਤਿਆਲ ਨੇ ਸ੍ਰੀ ਅਵਿਨਾਸ਼ ਰਾਏ ਖੰਨਾ ਅਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਹਰਾ, ਮੀਤ ਪ੍ਰਧਾਨ ਅਕੈਡਮਿਕਸ ਸਾਹਿਲਾ ਬਾਹਰਾ, ਭਾਜਪਾ ਆਗੂ ਵਿਨੀਤ ਜੋਸ਼ੀ, ਰਿਆਤ ਬਾਹਰਾ ਹੁਸ਼ਿਆਰਪੁਰ ਕੈਂਪਸ ਦੇ ਡਾਇਰੈਕਟਰ ਚੰਦਰ ਮੋਹਨ, ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।