Share on Facebook Share on Twitter Share on Google+ Share on Pinterest Share on Linkedin ‘ਕਰੋਨਾਵਾਇਰਸ’ ਦੇ ਨਾਲ-ਨਾਲ ‘ਡੇਂਗੂ’ ਤੋਂ ਵੀ ਬਚਣਾ ਜ਼ਰੂਰੀ: ਸਿਵਲ ਸਰਜਨ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਹਰ ਸ਼ੁੱਕਰਵਾਰ ਨੂੰ ‘ਡਰਾਈ ਡੇਅ’ ਵਜੋਂ ਮਨਾਉਣ ’ਤੇ ਜ਼ੋਰ ਕੂਲਰ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣ ਤੇ ਪਾਣੀ ਖੜਾ ਨਾ ਹੋਣ ਦੇਣ ਦੀਆਂ ਹਦਾਇਤਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ: ‘ਕਰੋਨਾਵਾਇਰਸ’ ਦੀ ਮਹਾਮਾਰੀ ਦੇ ਚਾਲੂ ਦੌਰ ਵਿੱਚ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਤੋਂ ਵੀ ਬਚਣ ਦੀ ਅਤਿਅੰਤ ਲੋੜ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਕੂਲਰ ਚੱਲਣ ਨਾਲ ਇਸ ਜਾਨਲੇਵਾ ਮੱਛਰ ਦੇ ਪੈਦਾ ਹੋਣ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ।’ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਆਮ ਲੋਕਾਂ ਨੂੰ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ‘ਕਰੋਨਾਵਾਇਰਸ’ ਦੀ ਮਹਾਮਾਰੀ ਚੱਲ ਰਹੀ ਹੈ ਅਤੇ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦਾ ਸਾਰਾ ਧਿਆਨ ਕਰੋਨਾ ਦੀ ਰੋਕਥਾਮ ਅਤੇ ਇਸ ਤੋਂ ਬਚਣ ਵੱਲ ਲੱਗਾ ਹੋਇਆ ਹੈ ਪਰ ਇਸ ਸੰਕਟਮਈ ਸਮੇਂ ਵਿੱਚ ਸਾਰਿਆਂ ਨੂੰ ਡੇਂਗੂ ਜਿਹੀ ਜਾਨਲੇਵਾ ਬਿਮਾਰੀ ਤੋਂ ਵੀ ਬਚਣ ਦੀ ਓਨੀ ਹੀ ਲੋੜ ਹੈ, ਜਿੰਨੀ ‘ਕਰੋਨਾ’ ਮਹਾਮਾਰੀ ਤੋਂ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਰਫਿਊ ਲੱਗਾ ਹੋਣ ਕਾਰਨ ਲੋਕ ਘਰਾਂ ਵਿੱਚ ਹੀ ਰਹਿ ਰਹੇ ਹਨ, ਜਿਸ ਕਾਰਨ ਉਨ੍ਹਾਂ ਕੋਲ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ ਦੀ ਸਾਫ਼-ਸਫ਼ਾਈ ਲਈ ਖੁੱਲ੍ਹਾ ਸਮਾਂ ਹੈ। ਉਨ੍ਹਾਂ ਲੋਕਾਂ ਨੂੰ ‘ਹਰ ਸ਼ੁੱਕਰਵਾਰ, ਡਰਾਈ ਡੇਅ’ ਵਜੋਂ ਵੀ ਮਨਾਉਣ ਦੀ ਯਾਦ ਦਿਵਾਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਇਸ ਜਾਨਲੇਵਾ ਮੱਛਰ ਤੋਂ ਬਚਾਅ ਲਈ ਗਲੀਆਂ-ਮੁਹੱਲਿਆਂ ਅਤੇ ਜਨਤਕ ਥਾਵਾਂ ’ਤੇ ਫੌਗਿੰਗ ਕਰਵਾਉਣ ਲਈ ਨਗਰ ਨਿਗਮ ਨੂੰ ਚਿੱਠੀ ਲਿਖੀ ਹੈ। ਜ਼ਿਲ੍ਹਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲੇ ਮੱਛਰ ‘ਏਡੀਜ਼ ਅਜਿਪਟੀ’ ਨੂੰ ਘਰਾਂ ਅਤੇ ਅਪਣੇ ਆਲੇ-ਦੁਆਲੇ ਕਿਸ ਵੀ ਕੀਮਤ ’ਤੇ ਪੈਦਾ ਨਾ ਹੋਣ ਦਿਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਡੇਂਗੂ ਇਲਾਜਯੋਗ ਬਿਮਾਰੀ ਹੈ ਅਤੇ ਡੇਂਗੂ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ। ਜੇ ਡੇਂਗੂ ਬੁਖ਼ਾਰ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਅਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਤਾਂ ਇਹ ਮੱਛਰ ਪੈਦਾ ਹੀ ਨਹੀਂ ਹੋਵੇਗਾ। (ਬਾਕਸ ਆਈਟਮ) ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਕਿਸੇ ਵੀ ਜਗ੍ਹਾ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਹਫ਼ਤੇ ਵਿੱਚ ਘੱਟੋ-ਘੱਟ ਇਕ ਵਾਰ ਫਰਿੱਜਾਂ ਦੀਆਂ ਟਰੇਆਂ, ਕੂਲਰਾਂ ਨੂੰ ਖਾਲੀ ਕਰ ਕੇ ਸੁਕਾਉ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ ਖੜਾ ਨਾ ਹੋਣ ਦਿਉ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਵਿੱਚ ਕਈ ਕਈ ਦਿਨ ਪੁਰਾਣਾ ਪਾਣੀ ਖੜਾ ਨਾ ਹੋਵੇ। ਕੂਲਰ ਚਾਲੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾਏ ਜਾਣ ਅਤੇ ਪੂਰਾ ਸਰੀਰ ਖਾਸਕਰਕੇ ਬਾਹਾਂ ਅਤੇ ਲੱਤਾਂ ਢਕੀਆਂ ਹੋਣ ਵਾਲੇ ਕੱਪੜੇ ਧਾਰਨ ਕੀਤੇ ਜਾਣ। (ਬਾਕਸ ਆਈਟਮ) ਡੇਂਗੂ ਬੁਖ਼ਾਰ ਦੇ ਲੱਛਣ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿੱਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜ੍ਹਿਆਂ ’ਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ ਦੇ ਗਮਲਿਆਂ, ਫਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿੱਚ ਖੜੇ ਸਾਫ਼ ਪਾਣੀ ਵਿੱਚ ਪਲਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ