
ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85 ਫੀਸਦੀ ਜਾਂ ਵੱਧ ਅੰਕਾਂ ਵਾਲੇ 14 ਕੈਡਿਟਾਂ ਦਾ ਸਨਮਾਨ
ਅਮਨ ਅਰੋੜਾ ਨੇ ਮੁਹਾਲੀ ਕੈਂਪਸ ਦਾ ਦੌਰਾ ਕਰਕੇ ਕੈਡਿਟਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਕੀਤੀ
ਨਬਜ਼-ਏ-ਪੰਜਾਬ, ਮੁਹਾਲੀ, 20 ਜੁਲਾਈ:
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫ਼ਪੀਆਈ) (ਮੁਹਾਲੀ) ਦਾ ਦੌਰਾ ਕਰਕੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ 12ਵੇਂ ਬੈਚ ਦੇ 14 ਕੈਡਿਟਾਂ ਦਾ ਬਾਰ੍ਹਵੀਂ ਜਮਾਤ ਦੀ ਛਿਮਾਹੀ ਪ੍ਰੀਖਿਆ ਵਿੱਚ 85 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ’ਤੇ ‘ਅਕੈਡਮਿਕ ਟਾਰਚ’ ਨਾਲ ਸਨਮਾਨ ਕੀਤਾ। ਇਨ੍ਹਾਂ ਕੈਡਿਟਾਂ ਦੇ ਅੰਤਿਮ ਪ੍ਰੀਖਿਆਵਾਂ ਲਈ ਮਨੋਬਲ ਵਧਾਉਣ ਲਈ ਇਹ ਪਹਿਲ ਕੀਤੀ ਗਈ ਹੈ।
ਅਮਨ ਅਰੋੜਾ ਨੇ ਕੈਡਿਟਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ‘ਤੁਸੀਂ ਸਾਰੇ ਆਰਮਡ ਫੋਰਸਿਜ਼ ਵਿੱਚ ਅਫ਼ਸਰ ਬਣਨ ਦਾ ਸੁਪਨਾ ਲੈ ਕੇ ਸਖ਼ਤ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਹੋ। ਰੱਖਿਆ ਸੇਵਾਵਾਂ ਸਾਹਸ ਭਰਪੂਰ ਅਤੇ ਸ਼ਾਨਦਾਰ ਖੇਤਰ ਹੈ। ਸਖ਼ਤ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦੇ ਵੀ ਹਿੰਮਤ ਨਾ ਛੱਡੋ। ਇਸ ਦੌਰਾਨ ਮੰਤਰੀ ਨੇ ਸ਼ੂਟਿੰਗ ਰੇਂਜ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਹੋਰ ਖੇਡ ਮੈਦਾਨਾਂ ਸਮੇਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ.ਐਚ. ਚੌਹਾਨ ਨੇ ਮੰਤਰੀ ਨੂੰ ਦੱਸਿਆ ਕਿ ਸੰਸਥਾ ਦੇ ਕੁੱਲ 217 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਹੋਰ ਸਰਵਿਸ ਅਕੈਡਮੀਆਂ ਵਿੱਚ ਭਰਤੀ ਹੋ ਚੁੱਕੇ ਹਨ। ਜਿਨ੍ਹਾਂ ’ਚੋਂ 141 ਕੈਡਿਟ ਡਿਫੈਂਸ ਸਰਵਿਸਿਜ਼ (ਫੌਜ-109, ਜਲ ਸੈਨਾ-13 ਅਤੇ ਹਵਾਈ ਸੈਨਾ-19) ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤ ਹੋਏ ਹਨ। 52 ਫੀਸਦੀ ਚੋਣ ਦਰ ਨਾਲ ਇਹ ਸੰਸਥਾ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫਲ ਸੰਸਥਾ ਹੈ। ਉਨ੍ਹਾਂ ਦੱਸਿਆ ਕਿ 38 ਕੈਡਿਟਾਂ ਨੇ ਐਨਡੀਏ-1, ਸੀਡੀਐਸ ਅਤੇ ਏਐਫ਼ਸੀਏਟੀ ਦੀਆਂ ਵੱਖ-ਵੱਖ ਯੂਪੀਐਸਸੀ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਇਸ ਮੌਕੇ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਵੀ ਮੌਜੂਦ ਸਨ।