ਸਕੂਲ ਬੱਸ ਚਾਲਕਾਂ ਵਿੱਚ ਸੜਕ ਸੁਰੱਖਿਆ ਤੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਜ਼ਰੂਰੀ: ਐਸਡੀਐਮ

ਮਾਨਵ ਮੰਗਲ ਸਕੂਲ ਮੁਹਾਲੀ ਵਿੱਚ ਸੜਕ ਸੁਰੱਖਿਆ ਸਬੰਧੀ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸਥਾਨਕ ਫੇਜ਼-10 ਸਥਿਤ ਮਾਨਵ ਮੰਗਲ ਸਮਾਰਟ ਸਕੂਲ ਵਿੱਚ ਮੁਹਾਲੀ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਸੇਫ ਸਕੂਲ ਵਾਹਨ ਸਕੀਮ ਅਤੇ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਐੱਸ.ਏ.ਐੱਸ. ਨਗਰ ਦੇ ਸਕੂਲਾਂ ਦੇ ਬੱਸ ਚਾਲਕਾਂ ਅਤੇ ਅਟੈਂਡੈਂਟਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਮੁਹਾਲੀ ਦੇ ਉਪ ਮੰਡਲ ਮੈਜਿਾਸਟਰੇਟ ਡਾ. ਆਰ.ਪੀ. ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੜਕ ਸੁਰੱਖਿਆ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ: ਆਰ.ਪੀ. ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਸਬੰਧੀ ਜਾਗਰੂਕ ਹੋਣਾ ਸਾਰਿਆਂ ਲਈ ਹੀ ਜ਼ਰੂਰੀ ਹੈ, ਪਰ ਸਕੂਲ ਬੱਸ ਚਾਲਕਾਂ ਅਤੇ ਅਟੈਂਡੈਟਾਂ ਲਈ ਇਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਸਬੰਧੀ ਅਣਗਹਿਲੀਆਂ ਹੌਲੀ-ਹੌਲੀ ਆਦਤਾਂ ਵਿਚ ਤਬਦੀਲ ਹੋ ਜਾਂਦੀਆਂ ਹਨ, ਜਿਨ੍ਹਾਂ ਕਾਰਨ ਸੜਕ ਹਾਦਸਿਆਂ ਦੇ ਰੂਪ ਵਿਚ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਟੈਂਡੈਂਟਾਂ ਲਈ ਇਹ ਲਾਜ਼ਮੀ ਹੈ ਕਿ ਉਹ ਬੱਚਿਆਂ ਦੇ ਬੱਸਾਂ ਵਿਚ ਚੜ੍ਹਨ ਅਤੇ ਉਤਰਨ ਵੇਲੇ ਉਨ੍ਹਾਂ ਦਾ ਖਾਸ ਖਿਆਲ ਰੱਖਣ। ਸਕੂਲ ਬੱਸਾਂ ਦੇ ਚਾਲਕਾਂ ਨੂੰ ਟਰੈਫਿਕ ਚਿੰਨ੍ਹਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ, ਕਿਉਂਕਿ ਇਸ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਸਕੂਲ ਬੱਸ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਅਜਿਹੇ ਸੈਮੀਨਾਰ ਹੁੰਦੇ ਰਹਿਣੇ ਚਾਹੀਦੇ ਹਨ।
ਸ੍ਰੀ ਆਰ.ਪੀ. ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਮਾਪੇ ਵੀ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਪੇ ਕੋਸ਼ਿਸ਼ ਕਰਨ ਕਿ ਬੱਚੇ ਸਕੂਲ ਬੱਸ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਨਿਰਧਾਰਿਤ ਥਾਂ ’ਤੇ ਪੁੱਜ ਜਾਣ ਅਤੇ ਬੱਸ ਚਾਲਕ ਨੂੰ ਉੱਥੇ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਜਦੋਂ ਕਈ ਵਾਰ ਬੱਸ ਚਾਲਕ ਉਡੀਕ ਕਰਦੇ ਰਹਿੰਦੇ ਹਨ, ਤਾਂ ਸਮੇਂ ਸਿਰ ਸਕੂਲ ਪੁੱਜਣ ਲਈ ਉਹ ਨਿਰਧਾਰਿਤ ਰਫ਼ਤਾਰ ਤੋਂ ਵੱਧ ਰਫ਼ਤਾਰ ’ਤੇ ਸਕੂਲ ਬੱਸਾਂ ਚਲਾਉਂਦੇ ਹਨ, ਜਿਸ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਰ.ਟੀ.ਏ. ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸਕੂਲ ਬੱਸ ਚਾਲਕਾਂ ਨੂੰ ਟਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਵਿਚ ਕਿਸੇ ਵੀ ਹਾਲਤ ਵਿਚ ਸਮਰੱਥਾ ਤੋਂ ਵੱਧ ਬੱਚੇ ਨਹੀਂ ਬਿਠਾਏ ਜਾ ਸਕਦੇ ਅਤੇ ਸਕੂਲ ਪ੍ਰਬੰਧਕ ਇਹ ਗੱਲ ਯਕੀਨੀ ਬਣਾਉਣ ਕਿ ਚਾਲਕ ਦੀ ਨਿਯੁਕਤੀ ਪੂਰਨ ਨਿਯਮਾਂ ਮੁਤਾਬਿਕ ਹੋਵੇ। ਉਨ੍ਹਾਂ ਇਹ ਵੀ ਆਖਿਆ ਕਿ ਸਕੂਲ ਪ੍ਰਬੰਧਕ ਪੰਜਾਬ ਦੇ ਨੰਬਰਾਂ ਵਾਲੀਆਂ ਬੱਸਾਂ ਹੀ ਖਰੀਦਣ ਅਤੇ ਜੇ ਕਿਸੇ ਬੱਸ ਦਾ ਨੰਬਰ ਬਾਹਰਲਾ ਹੈ ਤਾਂ ਉਸ ਨੁੂੰ ਤਬਦੀਲ ਕਰਵਾ ਲਿਆ ਜਾਵੇ। ਸ੍ਰੀ ਕੁਮਾਰ ਨੇ ਕਿਹਾ ਕਿ ਭਵਿੱਖ ਵਿਚ ਜਦੋਂ ਵੀ ਕਦੇ ਸਕੂਲ ਬੱਸਾਂ ਸਬੰਧੀ ਕੋਈ ਕੰਮ ਹੋਵੇ ਤਾਂ ਦਫ਼ਤਰ ਵਿਚ ਸਿੱਧੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਮਾਪੇ ਇਹ ਗੱਲ ਯਕੀਨੀ ਬਣਾਉਣ ਕਿ ਜੇ ਸਕੂਲ ਬੱਸ ਓਵਰਲੋਡ ਹੈ ਤਾਂ ਉਸ ਵਿਚ ਹੋਰ ਬੱਚੇ ਨਾ ਬਿਠਾਉਣ ਅਤੇ ਸਕੂਲ ਪ੍ਰਬੰਧਕਾਂ ਨੂੰ ਫੌਰੀ ਇਸ ਬਾਰੇ ਜਾਣਕਾਰੀ ਦੇਣ।
ਇਸ ਮੌਕੇ ਪੰਜਾਬ ਰੋਡ ਸੇਫਟੀ ਕੌਂਸਲ ਦੇ ਕੋਆਰਡੀਨੇਟਰ ਮਨਮੋਹਨ ਲੂਥਰਾ ਨੇ ਕਿਹਾ ਕਿ ਸਕੂਲ ਬੱਸ ਚਾਲਕਾਂ ਨੂੰ ਸੜਕ ਸੁਰੱਖਿਆ ਸਬੰਧੀ ਵੱਖ ਵੱਖ ਉਪਰਾਲਿਆਂ ਰਾਹੀਂ ਲਗਾਤਾਰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਇਕ ਤੋਂ ਦੂਜੀ ਥਾਂ ਲਿਜਾਣ ਦੇ ਰੂਪ ਵਿਚ ਉਹ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਹੁੰਦੇ ਹਨ। ਇਸ ਮੌਕੇ ਸਮਾਜ ਸੇਵੀਕਾ ਅਮੋਲ ਕੌਰ ਨੇ ਸੇਫ ਸਕੂਲ ਵਾਹਨ ਅਤੇ ਸੜਕ ਸੁਰੱਖਿਆ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੜਕ ਹਾਦਸਿਆਂ ਦੀਆਂ ਕਈ ਵੀਡੀਓਜ਼ ਵੀ ਦਿਖਾਈਆਂ ਅਤੇ ਟਰੈਫਿਕ ਨਿਯਮਾਂ ਸਬੰਧੀ ਵੱਖ-ਵੱਖ ਚਿੰਨ੍ਹਾਂ ਸਬੰਧੀ ਬੱਸ ਚਾਲਕਾਂ ਅਤੇ ਮਹਿਲਾ ਅਟੈਂਡੈਂਟਾਂ ਨੂੰ ਸਵਾਲ ਵੀ ਪੁੱਛੇ। ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸੜਕ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਸਹੁੰ ਵੀ ਚੁਕਾਈ ਗਈ।
ਸੈਮੀਨਾਰ ਦੇ ਆਖੀਰ ਵਿਚ ਸਕੂਲ ਪ੍ਰਿੰਸੀਪਲ ਕਵਿਤਾ ਮਲਿਕ ਨੇ ਇਸ ਉਪਰਾਲੇ ਲਈ ਅਧਿਕਾਰੀਆਂ ਅਤੇ ਸਕੂਲ ਬੱਸ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸਕੂਲ ਵਲੋਂ ਸੜਕ ਸੁਰੱਖਿਆ ਸਬੰਧੀ ਸਾਰੇ ਨਿਯਮ ਸਖਤੀ ਨਾਲ ਲਾਗੂ ਕੀਤੇ ਗਏ ਹਨ। ਇਸ ਮੌਕੇ ਐਸ.ਡੀ.ਐਮ. ਆਰ.ਪੀ. ਸਿੰਘ, ਆਰ.ਟੀ.ਏ. ਸੁਖਵਿੰਦਰ ਕੁਮਾਰ, ਮੋਟਰ ਵਾਹਨ ਇੰਸਪੈਕਟਰ ਹਰਪ੍ਰੀਤ ਸਿੰਘ ਭਿਓਰਾ, ਸਮਾਜ ਸੇਵੀਕਾ ਅਮੋਲ ਕੌਰ ਅਤੇ ਟਰੈਫਿਕ ਐਜੁਕੇਸ਼ਨ ਸੈੱਲ ਮੋਹਾਲੀ ਦੇ ਹੈਡ ਕਾਂਸਟੇਬਲ ਜਨਕਰਾਜ ਦਾ ਸਨਮਾਨ ਕੀਤਾ ਗਿਆ। ਸੈਮੀਨਾਰ ਵਿੱਚ ਸਕੂਲ ਦੇ ਡਾਇਰੈਕਟਰ ਸੰਜੇ ਸਰਦਾਨਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼ਰਨਜੀਤ ਸਿੰਘ, ਜਿਲ੍ਹਾ ਗਾਇਡੈਂਸ ਕੌਸਲਰ ਹਰਵਿੰਦਰ ਸਿੰਘ, ਮੁਹਾਲੀ ਸਕੂਲ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਸਕੂਲ ਸਟਾਫ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…