
ਪਿੰਡਾਂ ਦੀਆਂ ਸੱਥਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਹੋਕਾ
ਨਸ਼ਿਆਂ ਦੀ ਦੁਰਵਰਤੋਂ ਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਵੱਲੋਂ ਨਜ਼ਦੀਕੀ ਪਿੰਡ ਬਲੌਂਗੀ ਲਾਂਡਰਾਂ, ਭਾਗੋਮਾਜਰਾ, ਸੰਤੇਮਾਜਰਾ, ਸ਼ਾਹਪੁਰ, ਨਿਆਂ ਸ਼ਹਿਰ, ਛੱਤ, ਕਰਾਲਾ, ਰਾਮਪੁਰ ਕਲਾਂ, ਬਾਸਮਾ ਅਤੇ ਝੱਜੋਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਹਾੜੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।
ਇੰਜ ਹੀ ਸਰਕਾਰੀ ਮੁੜ ਵਸੇਬਾ ਕੇਂਦਰ, ਸੈਕਟਰ-66 ਮੁਹਾਲੀ ਵਿਖੇ ਦਾਖ਼ਲ ਅਤੇ ਬਾਹਰੀ ਮਰੀਜ਼ਾਂ ਲਈ ਨਾਲਸਾ (ਲੀਗਲ ਸਰਵਿਸਜ਼ ਟੂ ਵਿਕਟਮਜ਼ ਆਫ਼ ਡਰੱਗ ਅਬਿਊਜ਼ ਐਂਡ ਇਲੀਸਟ ਟਰੈਫ਼ਿਕਿੰਗ) ਸਕੀਮ 2015 ਤਹਿਤ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਪਣੇ ਲੀਗਲ ਲਿਟਰੇਸੀ ਕਲੱਬਾਂ ਰਾਹੀਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਬੀਤੀ 15 ਜੂਨ ਤੋਂ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ। ਜਿਸ ਵਿੱਚ ਸਬੰਧਤ ਸਕੂਲ ਕਲੱਬਾਂ ਦੇ 700 ਤੋਂ ਵੱਧ ਵਿਦਿਆਰਥੀ ਮੈਂਬਰਾਂ ਨੇ ਭਾਗ ਲਿਆ। ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਵੀ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਨਸਿਕ ਤੌਰ ’ਤੇ ਤਿਆਰ ਕਰਨ ਲਈ ਭਾਸ਼ਣ, ਪੇਂਟਿੰਗ, ਪੋਸਟਰ ਮੇਕਿੰਗ ਅਤੇ ਲੇਖ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ।