ਪਿੰਡਾਂ ਵਿੱਚ ਨੁੱਕੜ ਨਾਟਕਾਂ ਰਾਹੀਂ ਦਿੱਤਾ ਜਾਵੇਗਾ ਐਚਆਈਵੀ/ਏਡਜ਼ ਵਿਰੁੱਧ ਜਾਗਰੂਕਤਾ ਦਾ ਹੋਕਾ

ਐਚਆਈਵੀ/ਏਡਜ਼ ਜਨ ਜਾਗਰੂਕਤਾ ਮੁਹਿੰਮ ਤਹਿਤ 11 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਉੱਪ ਮੁੱਖ ਮੰਤਰੀ ਓਪੀ ਸੋਨੀ ਵੱਲੋਂ ਐਚਆਈਵੀ/ਏਡਜ਼ ਜਨ ਜਾਗਰੂਕਤਾ ਮੁਹਿੰਮ ਅਧੀਨ 11 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਅਮਿਤ ਕੁਮਾਰ ਵੀ ਹਾਜ਼ਰ ਸਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਚਲਾਈਆਂ ਗਈਆਂ ਇਨ੍ਹਾਂ ਵੈਨਾਂ ਨੂੰ ਹਰੀ ਝੰਡੀ ਦਿਖਾਉਣ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਇਸ 30 ਰੋਜ਼ਾ ਮੁਹਿੰਮ ਅਧੀਨ ਲੋਕਾਂ ਨੂੰ ਐਚਆਈਵੀ/ਏਡਜ਼ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਐਚਆਈਵੀ/ਏਡਜ਼ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੈਨਾਂ ਦੇ ਨਾਲ ਲੈਬ ਟੈਕਨੀਸ਼ੀਅਨ ਅਤੇ ਕੌਂਸਲਰ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਦੇ ਟੈੱਸਟ ਅਤੇ ਕੌਂਸਲਿੰਗ ਮੁਫ਼ਤ ਕਰਨਗੇ। ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬਾ ਪੱਧਰ ’ਤੇ ਮੈਕਰੋ ਪਲਾਨ ਤਿਆਰ ਕੀਤਾ ਗਿਆ ਹੈ ਜਦੋਂਕਿ ਜ਼ਿਲ੍ਹਾ ਪੱਧਰ ’ਤੇ ਵੀ ਵਿਸਥਾਰ ਪੂਰਵਕ ਮਾਈਕਰੋ ਪਲਾਨ/ਰੂਟ ਪਲਾਨ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਅੰਦੇਸ਼ ਕੰਗ, ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਓਪੀ ਗੋਜਰਾ, ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸਐਮਓ ਡਾ. ਅਨੂ ਚੋਪੜਾ ਦੋਸਾਂਝ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦਾ ਸਟਾਫ਼ ਮੌਜੂਦ ਸੀ।

Load More Related Articles

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…