
ਰਿਆਤ ਬਾਹਰਾ ਡੈਂਟਲ ਕਾਲਜ ਵਿੱਚ ਲਾਇਆ ਅੱਖਾਂ ਦਾਨ ਕਰਨ ਦਾ ਜਾਗਰੂਕਤਾ ਕੈਂਪ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਸਤੰਬਰ:
ਰਿਆਤ ਬਾਹਰਾ ਡੈਂਟਲ ਕਾਲਜ ਵਿੱਚ ਸਿਵਲ ਸਰਜਨ ਸਟਾਫ ਮੁਹਾਲੀ ਵੱਲੋਂ ਅੱਖਾਂ ਦਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਰਿਆਤ-ਬਾਹਰਾ ਡੈਂਟਲ ਕਾਲਜ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਰਿਆਤ ਬਾਹਰਾ ਡੈਂਟਲ ਕਾਲਜ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਇਸ ਮੌਕੇ ’ਤੇ ਅੱਖਾਂ ਦਾਨ ਕਰਨ ਦੀ ਮਹੱਤਤਾ ’ਤੇ ਚਰਚਾ ਕੀਤੀ ਅਤੇ ਕਿਹਾ ਕਿ ਦੁਨੀਆਂ ਦੇ ਪੰਜ ਅੰਨ੍ਹੇ ਲੋਕਾਂ ਵਿੱਚੋਂ ਇੱਕ ਭਾਰਤੀ ਹੈ, ਭਾਵ 46 ਲੱਖ ਭਾਰਤੀ ਅੰਨ੍ਹੇਪਣ ਤੋਂ ਪੀੜਤ ਹਨ ਜਦਕਿ ਅੱਖਾਂ ਦਾਨ ਕਰਨ ਦੀ ਦਰ ਸਿਰਫ 35,000 ਅੱਖਾਂ ਹਨ, ਜੋ ਆਮ ਲੋਕਾਂ ਲਈ ਸਿਹਤਮੰਦ ਅੱਖਾਂ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦੇ। ਅੱਖਾਂ ਦੀ ਮੰਗ ਅਤੇ ਸਪਲਾਈ ਵਿਚਕਾਰ ਵੱਡਾ ਪਾੜਾ ਹੈ। ਇਸ ਪਾੜੇ ਨੂੰ ਖਤਮ ਕਰਨ ਲਈ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕਰਨਾ ਮਹੱਤਵਪੂਰਨ ਕੰਮ ਹੈ।
ਇਸ ਮੌਕੇ ਰਿਆਤ-ਬਾਹਰਾ ਡੈਂਟਲ ਕਾਲਜ ਦੇ ਪਿੰ੍ਰਸੀਪਲ ਡਾ. ਤਰੁਣ ਕਾਲੜਾ ਨੇ ਵਿਦਿਆਰਥੀਆਂ ਨੂੰ ਇਸ ਮਹਾਂਦਾਨ ਦੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖ ਦੇ ਸਰੀਰ ਵਿੱਚ ਅੱਖਾਂ ਸਭ ਤੋਂ ਅਹਿਮ ਅੰਗਾਂ ਵਿੱਚੋਂ ਇਕ ਹਨ। ਜਿਨ੍ਹਾਂ ਕਾਰਨ ਅਸੀਂ ਇਸ ਸੁੰਦਰ ਸੰਸਾਰ ਨੂੰ ਦੇਖ ਸਕਦੇ ਹਾਂ। ਪ੍ਰੰਤੂ ਵੇਖਣ ਤੋਂ ਲਾਚਾਰ ਲੋਕਾਂ ਨੂੰ ਆਪਣੀ ਜਿੰਦਗੀ ਅਧੂਰੀ ਜਹੀ ਮਹਿਸੂਸ ਹੁੰਦੀ ਹੈ। ਇਸ ਲਈ ਅਸੀਂ ਅੱਖਾਂ ਦਾ ਦਾਨ ਕਰਕੇ ਕਿਸੇ ਦੀ ਜਿੰਦਗੀ ਨੂੰ ਦੁਬਾਰਾ ਰੋਸ਼ਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰ ਸਾਲ ਅੱਖਾਂ ਦੇ ਅੰਨ੍ਹੇਪਣ ਦੇ 20,000 ਦੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ,ਜਿਨ੍ਹਾਂ ਵਿੱਚ ਜ਼ਿਆਦਾਤਰ ਅੰਨ੍ਹੇ ਲੋਕ ਯੁਵਾ ਹਨ, ਜੋ ਕਿ ਸੱਟਾਂ ਲੱਗਣ, ਇੰਫੈਕਸ਼ਨ, ਵਿਟਾਮਿਨ ‘ਏ’, ਕੁਪੋਸ਼ਣ, ਜਮਾਂਦਰੂ ਜਾਂ ਹੋਰ ਕਾਰਨਾਂ ਦੀ ਘਾਟ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਨਜ਼ਰ ਸਿਰਫ ਕੋਰਨਲ ਟ੍ਰਾਂਸਪਲਾਂਟੇਸ਼ਨ ਦੁਆਰਾ ਮੁੜ ਬਹਾਲ ਕੀਤੀ ਜਾ ਸਕਦੀ ਹੈ।ਸਿਵਲ ਸਰਜਨ ਸਟਾਫ਼ ਮੋਹਾਲੀ ਨੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਇਸ ਵਿਸ਼ੇ ’ਤੇ ਆਪਣੇ ਨਿੱਜੀ ਤਜ਼ੁਰਬੇ ਵੀ ਸਾਂਝੇ ਕੀਤੇ ਅਤੇ ਆਂਕੜਿਆਂ ਸਬੰਧੀ ਇਕ ਪ੍ਰੈਜੇਨਟੇਸ਼ਨ ਵੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇਸ਼ ਭਰ ਵਿੱਚ ਅੱਖਾਂ ਦਾਨ ਨੂੰ ਲੈ ਕੇ ਕਰਵਾਏ ਜਾ ਰਹੇ ਸੋਸ਼ਲ ਜਾਗਰੁਕਤਾ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ ਅਤੇ ਅੱਖਾਂ ਦਾਨ ਦੇ ਮਹੱਤਵ ਬਾਰੇ ਦੱਸਿਆ ਗਿਆ।