
‘ਡੈਪੋ ਮੁਹਿੰਮ ਤਹਿਤ ਖਰੜ ਸਬ ਡਿਵੀਜ਼ਨ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਏ ਜਾਣਗੇ ਜਾਗਰੂਕਤਾ ਕੈਂਪ: ਸ੍ਰੀਮਤੀ ਬਰਾੜ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਜੁਲਾਈ:
ਖਰੜ ਦੀ ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਖਰੜ ਸਬ ਡਵੀਜ਼ਨ ਤਹਿਤ ਪੈਂਦੇ ਪਿੰਡਾਂ, ਸ਼ਹਿਰਾਂ ਵਿਚ ਡੈਪੋ ਪ੍ਰੋਗਰਾਮ ਤਹਿਤ ਕੈਂਪ ਲਗਾਏ ਜਾਣਗੇ ਅਤੇ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਹ ਐਸਡੀਐਮ ਕੰਪਲੈਕਸ ਖਰੜ ਵਿਖੇ ਪੁਲੀਸ, ਸਿਹਤ ਵਿਭਾਗ, ਪੰਚਾਇਤੀ, ਸੀ.ਡੀ.ਪੀ.ਓ. ਅਤੇ ਹੋਰ ਵਿਭਾਗਾਂ ਦੇ ਮੁੱਖੀਆਂ ਅਤੇ ਨੁਮਾਇਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਵੱਲੋਂ ਸਾਂਝੇ ਤੌਰ ਤੇ ਪਿੰਡਾਂ, ਸ਼ਹਿਰਾਂ ਵਿਚ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ਵਿਚ ਡੈਪੋ ਮੁਹਿੰਮ ਤਹਿਤ ਨੌਜਵਾਨਾਂ ਅਤੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਪੂਰੀ ਤਰ੍ਹਾਂ ਜਾਗਰੂਕ ਕਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਸ਼ਹਿਰਾਂ ਵਿਚ ਸਬੰਧਿਤ ਥਾਣੇ ਦੇ ਐਸਐਚਓ ਅਤੇ ਸਿਹਤ ਵਿਭਾਗ ਦੇ ਐਸਐਮਓ ਇਕੱਠਿਆਂ ਤੌਰ ਤੇ ਨਸ਼ਿਆਂ ਦੇ ਖ਼ਿਲਾਫ਼ ਕੈਂਪ ਲਗਾਉਣਗੇ ਅਤੇ ਇਸੇ ਤਰਢਾਂ ਪਿੰਡਾਂ ਵਿਚ ਸਿਹਤ ਵਿਭਾਗ, ਬੀ.ਡੀ.ਪੀ.ਓ, ਸੀ.ਡੀ.ਪੀ.ਓ.ਦਫਤਰਾਂ ਵੱਲੋਂ ਅਧਿਕਾਰੀਆਂ ਦੀ ਰਹਿਨੁਮਾਈ ਵਿਚ ਇਹ ਕੈਂਪ ਲਗਾਏ ਜਾਣਗੇ ਜਿਥੇ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰ ਨੌਜਵਾਨਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਗੇ। ਖਰੜ ਦੇ ਡੀਐਸਪੀ ਦੀਪਕਮਲ ਨੇ ਕਿਹਾ ਕਿ ਪੁਲਿਸ ਵਲੋਂ ਸਾਰੇ ਥਾਣਿਆਂ ਤਹਿਤ ਪੈਦੇ ਏਰੀਆ ਵਿਚ ਐਸ.ਐਚ.ਓ ਨੂੰ ਕੈਪ ਲਗਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਮੀਟਿੰਗ ਵਿਚ ਨਾਇਬ ਤਹਿਸੀਲਦਾਰ ਰਾਜੇਸ ਨਹਿਰਾ, ਡਰੱਗ ਇੰਸਪੈਕਟਰ ਨਵਦੀਪ ਕੌਰ, ਐਸਐਮਓ ਡਾ. ਸੁਰਿੰਦਰ ਸਿੰਘ, ਸੀਡੀਪੀਓ ਹਰਮੀਤ ਕੌਰ, ਸੀਡੀਪੀਓ ਸਿਮਰਦੀਪ ਕੌਰ, ਡਾ. ਪਰਮਿੰਦਰਜੀਤ ਸਿੰਘ ਸੰਧੂ, ਸਬ ਡਵੀਜ਼ਨ ਖਰੜ ਤਹਿਤ ਪੈਦਿਆਂ ਪੁਲੀਸ ਥਾਣਿਆਂ ਦੇ ਐਸਐਸਓ ਸਮੇਤ ਸਿਹਤ ਵਿਭਾਗ ਦੇ ਅਧਾਕਰੀ ਅਤੇ ਕਰਮਚਾਰੀ ਹਾਜ਼ਰ ਸਨ।