nabaz-e-punjab.com

ਪੰਜਾਬ ਭਰ ਦੇ ਸਕੂਲਾਂ ਵਿੱਚ ਨਵੀਆਂ ਵੋਟਾਂ ਬਣਾਉਣ ਤੇ ਮਤਦਾਨ ਪ੍ਰਤੀ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ: ਵੀ ਕੇ ਸਿੰਘ

ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਬਾਰੇ ਸਕੂਲੀ ਬੱਚਿਆਂ ਨੂੰ ਦਿੱਤੀ ਜਾਣਕਾਰੀ, ਵਿਦਿਆਰਥੀ ਦੇ ਕੁਇਜ਼ ਮੁਕਾਬਲੇ ਕਰਵਾਏ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਭਵਿੱਖ ਵਿੱਚ ਵੋਟਰ ਬਨਣ ਵਾਲੇ ਸਕੂਲੀ ਬੱਚਿਆਂ ਨੂੰ ਵੋਟਾਂ ਬਣਾਉਣ ਅਤੇ ਵੋਟ ਦੀ ਵਰਤੋਂ ਦੇ ਨਾਲ-ਨਾਲ, ਚੋਣ ਪ੍ਰਕੀਰਿਆ ਪ੍ਰਤੀ ਜਾਗਰੂਕ ਕਰਨ ਲਈ ਰਾਜ ਭਰ ਦੇ ਸਕੂਲਾਂ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਯੋਜਤ ਕੀਤੇ ਜਾਣਗੇ ਤਾਂ ਜੋ ਉਹ ਸਮੇਂ ਸਿਰ ਆਪਣੀ ਵੋਟ ਬਣਾ ਸਕਣ ਅਤੇ ਉਸਦੀ ਸਹੀ ਵਰਤੋਂ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਚੋਣ ਅਫਸਰ ਪੰਜਾਬ, ਸ੍ਰੀ ਵੀ.ਕੇ.ਸਿੰਘ ਨੇ ਐਸ.ਏ.ਐਸ. ਨਗਰ ਦੇ ਸੈਕਟਰ 70 ਸਥਿਤ ਵਿਵੇਕ ਹਾਈ ਸਕੂਲ ਦੇ ਬੱਚਿਆਂ ਨਾਲ ਰੂ-ਬੁਰੁੂ ਹੁੰਦਿਆਂ ਕੀਤਾ। ਸ੍ਰੀ ਵੀ.ਕੇ.ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਲਈ ਬੱਚਿਆਂ ਨੂੰ ਹਰ ਕਿਸਮ ਦਾ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰੂ ਚੋਣ ਪ੍ਰਕੀਰਿਆ, ਨਾਮਜ਼ਦਗੀਆਂ ਪੱਤਰ ਦਾਖਲ ਕਰਨ ਤੋਂ ਲੈ ਕੇ ਚੋਣ ਨਤੀਜਿਆਂ ਤੱਕ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮੁੱਖ ਚੋਣ ਅਫਸਰ ਨੇ ਕਿਹਾ ਕਿ ਚੋਣਾਂ ਵੇਲੇ ਨੌਜਵਾਨਾਂ ਦੀ ਵੋਟ ਪਾਉਣ ਵਿਚ ਭਾਗੀਦਾਰੀ ਘੱਟ ਹੁੰਦੀ ਹੈ ਜੋ ਕਿ ਚਿੰਤਾਂ ਦਾ ਵਿਸ਼ਾ ਹੈ। ਇਸ ਲਈ ਸਕੂਲੀ ਬੱਚਿਆਂ ਨੂੰ ਮੁੱਢ ਤੋਂ ਹੀ ਵੋਟ ਬਣਾਉਣ ਅਤੇ ਵੋਟ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਰਨਾਂ ਸਕੂਲਾਂ ਵਿਚ ਵੀ ਕਰਵਾਏ ਜਾਣਗੇ। ਇਸ ਮੌਕੇ ਸਕੂਲੀ ਬੱਚਿਆਂ ਨੂੰ ਇਲਕੈਟ੍ਰੋਨਿਕ ਵੋਟਿੰਗ ਮਸ਼ੀਨਾਂ ਜ਼ਿੰਨ੍ਹਾਂ ਦੀ ਕਿ ਚੋਣਾਂ ਵੇਲੇ ਵਰਤੋਂ ਕੀਤੀ ਜਾਂਦੀ ਹੈ, ਦੇ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਬੱਚਿਆਂ ਨੂੰ ਮੌਕੇ ਤੇ ਈ.ਵੀ.ਐਮ. ਦਿਖਾ ਕੇ ਵੋਟ ਦੀ ਵਰਤੋਂ ਬਾਰੇ ਵੀ ਦੱਸਿਆ ਗਿਆ।
ਸ੍ਰੀ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡਾ ਮੁਲਕ ਦੁਨਿਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ ਅਤੇ ਵਿਸ਼ਵ ਦੇ ਮੁਲਕ ਵੀ ਹੁਣ ਲੋਕੰਤਤਰ ਵਿਚ ਵਿਸਵਾਸ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਚੋਣਾਂ ਦਾ ਸਭ ਤੋਂ ਵੱਡਾ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਬਿਨ੍ਹਾਂ ਕਿਸੇ ਪੱਖਪਾਤ ਅਤੇ ਸਹੀ ਢੰਗ ਨਾਲ ਹੋਣਗੀਆਂ ਤਾਂ ਨੁਮਾਇੰਦੇ ਵੀ ਸਹੀ ਅਤੇ ਚੰਗੇ ਚੁਣੇ ਜਾਂਦੇ ਹਨ ਅਤੇ ਸਰਕਾਰਾਂ ਵੀ ਸਹੀ ਢੰਗ ਨਾਲ ਕੰਮ ਕਰਦੀਆਂ ਹਨ। ਜਿਹੜੀਆਂ ਕਿ ਲੋਕਾਂ ਅੱਗੇ ਜਵਾਬਦੇਹ ਹੁੰਦੀਆਂ ਹਨ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਸਾਲ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾ ਅਮਨ ਤੇ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ ਅਤੇ ਚੋਣ ਕਮਿਸ਼ਨ ਕੋਲ ਜਿੰਨੀਆ ਵੀ ਸ਼ਿਕਾਇਤਾਂ ਪੁੱਜੀਆਂ ਸਨ। ਉਨ੍ਹਾਂ ਦਾ ਨਿਪਟਾਰਾ ਨਿਯਮਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਕੀਤਾ ਗਿਆ ਅਤੇ ਕੋਈ ਵੀ ਸ਼ਿਕਾਇਤ ਬਕਾਇਆ ਨਹੀਂ ਰਹੀ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਚੋਣ ਕਮਿਸਨ ਦੇ ਕੰਮ ਕਾਜ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲੀ ਬੱਚਿਆਂ ਦੇ ਚਾਰ ਗਰੁੱਪ ਗੰਧਾਰਾਂ ਹਾਊਸ, ਨਾਲੰਦਾ ਹਾਊਸ, ਤਕਸ਼ੀਲਾ ਹਾਊਸ, ਵਿਕਰਮਸ਼ੀਲਾ ਹਾਊਸ ਬਣਾ ਕੇ ਵੋਟਾਂ ਦੇ ਆਧਾਰਿਤ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਮੁੱਖ ਚੋਣ ਅਫਸਰ, ਪੰਜਾਬ ਸ੍ਰੀ ਵੀ.ਕੇ. ਸਿੰਘ ਨੇ ਇਨਾਮ ਵੰਡੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਤਹਿਸੀਲਦਾਰ ਚੋਣਾਂ ਹਰਦੀਪ ਸਿੰਘ ਸਮੇਤ ਸਕੂਲ ਮੈਨੇਜਮੈਂਟ ਦੇ ਅਹੁਦੇਦਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…