Share on Facebook Share on Twitter Share on Google+ Share on Pinterest Share on Linkedin ਜ਼ਹਿਰੀਲੇ ਸੱਪਾਂ ਬਾਰੇ ਜਾਗਰੂਕਤਾ ਸਮਾਗਮ, ਮਾਹਰ ਡਾਕਟਰਾਂ ਨੇ ਕੀਤੇ ਵਿਚਾਰ ਸਾਂਝੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ: ਜ਼ਹਿਰੀਲੇ ਸੱਪਾਂ ਵੱਲੋਂ ਡੱਸਣ ਮਗਰੋਂ ਮਰੀਜ਼ ਦੀ ਸਾਂਭ-ਸੰਭਾਲ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਹਸਪਤਾਲ ਦੇ ਮੈਡੀਸਨ ਵਿਭਾਗ ਵੱਲੋਂ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਅਤੇ ਹਸਪਤਾਲਾਂ ਦੇ ਪ੍ਰੋਫ਼ੈਸਰਾਂ ਅਤੇ ਮਾਹਰ ਡਾਕਟਰਾਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਭਾਰਤ ਵਿੱਚ ਮਿਲਦੇ ਸੱਪਾਂ ਦੀਆਂ ਕਿਸਮਾਂ, ਸੱਪਾਂ ਅੰਦਰਲੀ ਜ਼ਹਿਰ ਦੀ ਤੀਬਰਤਾ, ਸੱਪਾਂ ਦੇ ਰਹਿਣ-ਸਹਿਣ, ਸੱਪਾਂ ਦੇ ਡੱਸਣ ਮਗਰੋਂ ਮਰੀਜ਼ਾਂ ਦੀ ਜਾਨ ਬਚਾਉਣ ਦੇ ਤਰੀਕਿਆਂ ਅਤੇ ਡੰਗ-ਵਿਰੋਧੀ ਦਵਾਈ ਆਦਿ ਵੱਖ-ਵੱਖ ਵਿਸ਼ਿਆਂ ਬਾਰੇ ਗੰਭੀਰ ਤੇ ਉਸਾਰੂ ਵਿਚਾਰ-ਚਰਚਾ ਕੀਤੀ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਸੱਪਾਂ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਮਗਰੋਂ ਪੀਜੀਆਈ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਆਸ਼ੀਸ਼ ਭੱਲਾ ਅਤੇ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਦੇ ਡਾ. ਐਸ.ਐਸ. ਲਹਿਲ ਨੇ ਜ਼ਹਿਰੀਲੇ ਸੱਪਾਂ ਦੇ ਡੰਗਾਂ ਸਬੰਧੀ ਪ੍ਰਬੰਧਨ ਵਿਸ਼ੇ ’ਤੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਖ਼ਿੱਤੇ ਵਿੱਚ ਸੱਪਾਂ ਦੇ ਡੱਸਣ ਦੀਆਂ ਘਟਨਾਵਾਂ ਵਧਣ ਨਾਲ ਇਸ ਸਬੰਧੀ ਜਾਗਰੂਕਤਾ ਦੀ ਬਹੁਤ ਲੋੜ ਹੈ ਕਿਉਂਕਿ ਆਮ ਲੋਕਾਂ ਨੂੰ ਵੀ ਜ਼ਹਿਰੀਲੇ ਸੱਪਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਡੱਸਣ ਮਗਰੋਂ ਇਲਾਜ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤੀਆਂ ਕਿਸਮਾਂ ਦੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਆਮ ਲੋਕ ਹਰ ਸੱਪ ਨੂੰ ਹੀ ਜ਼ਹਿਰੀਲੇ ਸਮਝ ਲੈਂਦੇ ਹਨ। ਸਮਾਗਮ ਵਿੱਚ ਡਾਕਟਰੀ ਕਿੱਤੇ ਨਾਲ ਸਬੰਧਤ ਖ਼ਿੱਤੇ ਦੇ ਕਈ ਉੱਘੇ ਮਾਹਰਾਂ ਨੇ ਸ਼ਿਰਕਤ ਕੀਤੀ। ਮੁਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਵੀ ਇਸ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿੱਚ ਐਸਐਮਓ ਡਾ. ਐਚ.ਐਚ. ਚੀਮਾ ਤੇ ਡਾ. ਵਿਜੈ ਭਗਤ, ਡਾ. ਪਰਮਿੰਦਰ ਸਿੰਘ, ਦਿੱਲੀ ਦੇ ਨਾਮਵਰ ਹਸਪਤਾਲਾਂ ਲੇਡੀ ਹਾਰਡਿੰਗ, ਗੁਰੂ ਤੇਗ਼ ਬਹਾਦਰ ਹਸਪਤਾਲ, ਆਰ.ਐਮ.ਐਲ ਹਸਪਤਾਲ, ਸਫ਼ਦਰਗੰਜ ਹਸਪਤਾਲ, ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਜ਼ ਨਾਲ ਸਬੰਧਤ ਡਾਕਟਰ ਅਤੇ ਚੰਡੀਗੜ੍ਹ, ਪਟਿਆਲਾ, ਫਰੀਦਕੋਟ ਅਤੇ ਜਲੰਧਰ ਨਾਲ ਸਬੰਧਤ ਡਾਕਟਰਾਂ ਨੇ ਹਿੱਸਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ