ਜਾਨਵਰਾਂ ਤੋਂ ਫੈਲਣ ਵਾਲੀਆਂ ਬੀਮਾਰੀਆਂ ਬਾਬਤ ਜਾਗਰੂਕਤਾ ਬਹੁਤ ਜ਼ਰੂਰੀ: ਸਿਵਲ ਸਰਜਨ

ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਬੂਥਗੜ੍ਹ ਵਿਖੇ ਹੋਇਆ ਜ਼ਿਲ੍ਹਾ ਪਧਰੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਜ਼ੂਨੋਸਿਸ (ਜਾਨਵਰਾਂ ਤੋਂ ਪੈਦਾ ਹੋਣ ਵਾਲੇ ਰੋਗ) ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਣ ਵਾਲਾ ਇਹ ਦਿਵਸ ਉਘੇ ਫ਼ਰਾਂਸੀਸੀ ਜੀਵ ਵਿਗਿਆਨੀ ਲੂਇਸ ਪਾਸਚਰ ਦੇ ਸਿਹਤ ਸੰਭਾਲ ਖੇਤਰ ਵਿਚ ਬੇਮਿਸਾਲ ਯੋਗਦਾਨ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ 6 ਜੁਲਾਈ 1885 ਨੂੰ ਰੇਬੀਜ਼ (ਹਲਕਾਅ) ਬੀਮਾਰੀ ਵਿਰੁੱਧ ਪਹਿਲਾ ਟੀਕਾ 9 ਸਾਲਾ ਬੱਚੇ ਜੋਸੇਫ਼ ਮੀਸਟਰ ਨੂੰ ਲਾਇਆ ਸੀ ਤੇ ਇਸੇ ਬੀਮਾਰੀ ਬਾਬਤ ਜਾਗਰੂਕਤਾ ਵਧਾਉਣ ਲਈ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਜ਼ਮਾਨੇ ਤੋਂ ਹੀ ਰੇਬੀਜ਼ ਜਾਨਲੇਵਾ ਬੀਮਾਰੀ ਰਹੀ ਹੈ ਤੇ ਜਦ ਰੇਬੀਜ਼ ਦੀ ਦਵਾਈ ਬਣਾਈ ਗਈ ਤਾਂ ਇਹ ਮਨੁੱਖਤਾ ਲਈ ਵੱਡੀ ਪ੍ਰਾਪਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਬੀਮਾਰੀ ਜਾਨਲੇਵਾ ਹੈ ਪਰ ਇਸ ਬਾਰੇ ਜਾਗਰੂਕਤਾ ਹੋਣ ਸਦਕਾ ਇਸ ਤੋਂ ਬਚਿਆ ਜਾ ਸਕਦਾ ਹੈ।
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਹੋਏ ਜ਼ਿਲ੍ਹਾ ਪਧਰੀ ਸਮਾਗਮ ਵਿਚ ਆਮ ਲੋਕਾਂ ਅਤੇ ਸਿਹਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਦਸਿਆ ਕਿ ਜ਼ੂਨੋਸਿਸ ਜਾਨਵਰਾਂ ਤੋਂ ਮਨੁੱਖਾਂ ਵਿਚ ਜਾਣ ਵਾਲੀ ਬੀਮਾਰੀ ਹੈ ਜਿਸ ਦੀਆਂ ਪ੍ਰਮੁੱਖ ਮਿਸਾਲਾਂ ਕੋਵਿਡ-19, ਬਰਡ ਫ਼ਲੂ, ਪਲੇਗ, ਰੇਬੀਜ਼, ਇਬੋਲਾ ਆਦਿ ਹਨ। ਉਨ੍ਹਾਂ ਕਿਹਾ ਕਿ ਕੋਵਿਡ ਵਾਇਰਸ ਇਸ ਵੇਲੇ ਦੁਨੀਆਂ ਭਰ ਵਿਚ ਗੰਭੀਰ ਸੰਕਟ ਬਣਿਆ ਹੋਇਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਵਾਇਰਸ ਜਾਨਵਰ ਤੋਂ ਮਨੁੱਖ ਅੰਦਰ ਆਇਆ ਹੈ। ਐਸ.ਐਮ.ਓ. ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਮੁਤਾਬਕ ਹਰ ਸਾਲ ਲੱਖਾਂ ਮੌਤਾਂ ਜ਼ੂਨੋਸਿਸ ਕਾਰਨ ਹੁੰਦੀਆਂ ਹਨ ਅਤੇ 60 ਫ਼ੀਸਦੀ ਉਭਰਦੀਆਂ ਬੀਮਾਰੀਆਂ ਜ਼ੂਨੋਟਿਕ ਰੋਗ ਹਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਕਈ ਲੋਕ ਘਰਾਂ ਵਿਚ ਜਾਨਵਰ ਖ਼ਾਸਕਰ ਕੁੱਤੇ ਅਤੇ ਬਿੱਲੀਆਂ ਪਾਲਦੇ ਹਨ ਅਤੇ ਉਨ੍ਹਾਂ ਨਾਲ ਅਕਸਰ ਲਾਡ-ਪਿਆਰ ਕਰਦੇ ਰਹਿੰਦੇ ਹਨ। ਪਰ ਅਜਿਹਾ ਕਰਦੇ ਸਮੇਂ ਸਾਵਧਾਨੀ ਬਹੁਤ ਜ਼ਰੂਰੀ ਹੈ। ਘਰਾਂ ਵਿਚ ਰੱਖੇ ਜਾਣ ਵਾਲੇ ਜਾਨਵਰਾਂ ਦੀ ਲਗਾਤਾਰ ਜਾਂਚ ਅਤੇ ਟੀਕਾਕਰਨ ਵੀ ਕਰਵਾਇਆ ਜਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਕਰਨ ਦੀ ਹਾਲਤ ਵਿਚ ਮਨੁੱਖ ਖ਼ਤਰਨਾਕ ਬੀਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ੂਨੋਟਿਕ ਰੋਗ ਹਵਾ, ਪਾਣੀ, ਭੋਜਨ ਕਿਸੇ ਵੀ ਜ਼ਰੀਏ ਲੱਗ ਸਕਦਾ ਹੈ। ਇਸ ਲਈ ਪਾਲਤੂ ਜਾਨਵਰਾਂ ਨਾਲ ਮੇਲ-ਮਿਲਾਪ ਸਮੇਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਪਸ਼ੂਆਂ ਨਾਲ ਬਹੁਤੀ ਨੇੜਤਾ ਖ਼ਤਰਨਾਕ ਹੋ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ, ਡਾ. ਹਰਮਨ ਮਾਹਲ, ਡਾ. ਕੁਲਦੀਪ ਸਿੰਘ, ਡਾ. ਬਲਤੇਜ, ਕਲਜੋਤਵੀਰ ਸਿੰਘ, ਡਾ. ਵਿਕਾਸ, ਡਾ. ਅਰੁਣ ਬਾਂਸਲ, ਡਾ. ਸੁਬਿਨ, ਡਾ. ਸਿਮਨ, ਐਸ.ਆਈ. ਗੁਰਤੇਜ ਸਿੰਘ, ਸਵਰਨ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ ਤੇ ਆਸ਼ਾ ਵਰਕਰਾਂ ਮੌਜੂਦ ਸਨ।
ਜ਼ੂਨੋਟਿਕ ਰੋਗਾਂ ਤੋਂ ਕਿਵੇਂ ਬਚਿਆ ਜਾਵੇ ਹੱਥਾਂ ਅਤੇ ਚਿਹਰੇ ਨੂੰ ਸਾਫ਼ ਰੱਖੋ। ਭੀੜ ਵਾਲੀ ਥਾਂ ‘ਤੇ ਜਾਂਦਿਆਂ ਅਪਣੇ ਚਿਹਰੇ ਨੂੰ ਢੱਕ ਲਉ ਅਤੇ ਹੱਥਾਂ ਨੂੰ ਲਗਾਤਾਰ ਸਾਫ਼ ਕਰਦੇ ਰਹੋ। ਜੇ ਤੁਹਾਡੇ ਕੋਲ ਜਾਨਵਰ ਹੈ ਤਾਂ ਉਸ ਦੀ ਦੇਖਭਾਲ ਕਰੋ, ਉਸ ਦੀ ਨਿਯਮਿਤ ਜਾਂਚ ਅਤੇ ਟੀਕਾਕਰਨ ਕਰਵਾਉ। ਜਾਨਵਰ ਦੇ ਵੱਢਣ ‘ਤੇ ਹੋਏ ਜ਼ਖ਼ਮ ਨੂੰ ਸਾਬਣ ਅਤੇ ਚੱਲ ਰਹੇ ਪਾਣੀ ਨਾਲ ਤੁਰੰਤ ਧੋਵੋ। ਪਾਲਤੂ ਜਾਨਵਰਾਂ ਨਾਲ ਦੁਰਵਿਹਾਰ ਨਾ ਕਰੋ, ਲੱਤ ਨਾ ਮਾਰੋ, ਪੂਛ ਨਾ ਖਿੱਚੋ ਅਤੇ ਪੱਥਰ ਨਾ ਮਾਰੋ। ਜਾਨਵਰਾਂ ਦੇ ਰੋਗਾਂ ਬਾਰੇ ਜਾਣਕਾਰੀ ਜ਼ਰੂਰੀ ਹੈ। ਜਾਨਵਰਾਂ ਦੇ ਕਰੀਬੀ ਸੰਪਰਕ ਵਿੱਚ ਨਾ ਆਉ। ਇੱਧਰ-ਉਧਰ ਪਈਆਂ ਚੀਜ਼ਾਂ, ਰੇਲਿੰਗ, ਫ਼ਰਸ਼, ਕੰਧਾਂ, ਦਰਵਾਜ਼ਿਆਂ, ਬਨੇਰਿਆਂ, ਚੁਗਾਠਾਂ, ਮੇਜ਼ ਆਦਿ ‘ਤੇ ਬਿਨਾਂ ਲੋੜ ਹੱਥ ਨਾ ਲਾਉ। ਬਿਨਾਂ ਪੱਕਿਆ ਹੋਇਆ ਭੋਜਨ ਨਾ ਖਾਉ ਖ਼ਾਸਕਰ ਮਾਸ ਨੂੰ ਚੰਗੀ ਤਰ੍ਹਾਂ ਪਕਾ ਲਿਆ ਜਾਵੇ। ਅਪਣੀ ਰਹਿਣ, ਬੈਠਣ-ਉਠਣ ਵਾਲੀ ਥਾਂ ਨੂੰ ਸਾਫ਼ ਰੱਖੋ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…