ਸਿਹਾਤ ਵਿਭਾਗ ਨੇ ਦੰਦਾਂ ਤੇ ਮੂੰਹ ਦੇ ਰੋਗਾਂ ਬਾਰੇ ਕੱਢੀ ਜਾਗਰੂਕਤਾ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਜ਼ਿਲ੍ਹਾ ਮੁਹਾਲੀ ਦੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਵਿਸ਼ਵ ਓਰਲ ਸਿਹਤ ਦਿਵਸ ਮੌਕੇ ਅੱਜ ਜ਼ਿਲ੍ਹਾ ਹਸਪਤਾਲ ਤੋਂ ਦੰਦਾਂ ਅਤੇ ਮੂੰਹ ਦੇ ਰੋਗਾਂ ਬਾਰੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿਚ ਸਿਹਤ ਕਾਮਿਆਂ ਤੋਂ ਇਲਾਵਾ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਦੰਦਾਂ ਤੇ ਮੂੰਹ ਦੀਆਂ ਬੀਮਾਰੀਆਂ, ਲੱਛਣਾਂ, ਕਾਰਨਾਂ ਅਤੇ ਬਚਾਅ ਦਾ ਹੋਕਾ ਦਿੰਦੀਆਂ ਤਖ਼ਤੀਆਂ ਚੁਕੀਆਂ ਹੋਈਆਂ ਸਨ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾ. ਰੀਟਾ ਭਾਰਦਵਾਜ ਨੇ ਹਸਪਤਾਲ ਵਿਚ ਆਏ ਹੋਏ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਗਰਟ, ਬੀੜੀ ਤੇ ਹੋਰ ਤੰਬਾਕੂ ਪਦਾਰਥਾਂ ਦੀ ਵਰਤੋਂ ਮੂੰਹ ਦੇ ਕੈਂਸਰ ਨੂੰ ਖੁੱਲ੍ਹਾ ਸੱਦਾ ਹੈ।
ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਸਿਗਰਟ ਦੀ ਵਰਤੋਂ ਕਾਫ਼ੀ ਨੁਕਸਾਨਦੇਹ ਹੁੰਦੀ ਹੈ ਪਰ ਪਾਨ ਮਸਾਲਾ, ਜਰਦਾ ਤਾਂ ਸਿਗਰਟ ਨਾਲੋਂ ਵੀ ਜ਼ਿਆਦਾ ਨੁਕਸਾਨਦੇਹ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਾਰਨ ਦੰਦ ਪੀਲੇ ਪੈ ਜਾਂਦੇ ਹਨ ਅਤੇ ਬਹੁਤੇ ਮਾਮਲਿਆਂ ਵਿਚ ਦੰਦ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦੇ ਹਨ। ਡਾ. ਭਾਰਦਵਾਜ ਨੇ ਕਿਹਾ ਕਿ ਤੰਦਰੁਸਤ ਸਰੀਰ ਲਈ ਤੰਦਰੁਸਤ ਮੂੰਹ ਅਤੇ ਦੰਦ ਬਹੁਤ ਜ਼ਰੂਰੀ ਹਨ। ਮਜ਼ਬੂਤ ਦੰਦਾਂ ਅਤੇ ਨਿਰੋਗ ਮੂੰਹ ਲਈ ਤੰਬਾਕੂ ਪਦਾਰਥਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।
ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਦੰਦਾਂ ਦੇ ਮਾਹਰ ਡਾਕਟਰ ਉਪਲਭਧ ਹਨ, ਜਿਥੇ ਦੰਦਾਂ ਦੀਆਂ ਬਹੁਤੀਆਂ ਬੀਮਾਰੀਆਂ ਦਾ ਇਲਾਜ ਲਗਭਗ ਮੁਫ਼ਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਉਮਰ ਦੇ ਵਿਅਕਤੀ ਖ਼ਾਸਕਰ ਬੱਚਿਆਂ ਦੇ ਦੰਦਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਦੰਦਾਂ ਵਿਚ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਹੋਣ ’ਤੇ ਤੁਰੰਤ ਸਰਕਾਰੀ ਹਸਪਤਾਲ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ। ਰੈਲੀ ਵਿਚ ਸ਼ਾਮਲ ਵਿਦਿਆਰਥਣਾਂ ਨੇ ‘ਸਿਗਰਟ, ਬੀੜੀ ਤੇ ਸਿਗਾਰ, ਮੂੰਹ ਦਾ ਕੈਂਸਰ ਕਰਨ ਤਿਆਰ, ਤੰਬਾਕੂ ਨੂੰ ਜਿਸ ਨੇ ਮੂੰਹ ਲਾਇਆ, ਮੌਤ ਨੂੰ ਉਸ ਨੇ ਕੋਲ ਬੁਲਾਇਆ,’ ਜਿਹੇ ਨਾਹਰੇ ਲਾਏ। ਇਸ ਮੌਕੇ ਦੰਦਾਂ ਦੇ ਡਾਕਟਰ ਨਿਸ਼ਾ ਕਲੇਰ, ਡਾ. ਰਾਜ ਸੰਦੀਪ, ਡਾ. ਨਵਨੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Punjab to host Punjab Arena Polo Challenge Cup during Holla Mohalla celebrations in Sri Anandpur Sahib, Says S. Kultar Singh Sandhwan

Punjab to host Punjab Arena Polo Challenge Cup during Holla Mohalla celebrations in Sri An…