nabaz-e-punjab.com

ਸਰਕਾਰੀ ਸਕੂਲ ਮਟੌਰ ਵਿੱਚ ਤੰਬਾਕੂ ਵਿਰੁੱਧ ਜਾਗਰੂਕਤਾ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਤੰਬਾਕੂ ਦੇ ਸੇਵਨ ਨਾਲ ਭਾਰਤ ਵਿਚ ਰੋਜਾਨਾ ਵੱਡੀ ਗਿਣਤੀ ਮੌਤਾਂ ਹੁੰਦੀਆਂ ਹਨ। ਇਸ ਲਈ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਇਸ ਦੀ ਭੇਟ ਨਾ ਚੜ੍ਹੇ। ਇਹ ਗੱਲ ਜ਼ਿਲ੍ਹਾ ਤੰਬਾਕੂ ਸੈੱਲ ਦੇ ਨੋਡਲ ਅਫ਼ਸਰ ਡਾ. ਆਰ.ਪੀ. ਸਿੰਘ ਨੇ ਪਿੰਡ ਮਟੌਰ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖੀ। ਉਹ ਤੰਬਾਕੂ, ਸਵਾਈਨ ਫ਼ਲੂ ਅਤੇ ਡੇਂਗੂ ਵਿਰੋਧੀ ਜਾਗਰੂਕਤਾ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਮਿੱਠਾ ਜ਼ਹਿਰ ਹੈ ਜਿਹੜਾ ਹੌਲੀ-ਹੌਲੀ ਸਾਰੇ ਸਰੀਰ ਨੂੰ ਖਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦਾ ਨਸ਼ਾ ਮਨੁੱਖੀ ਸਿਹਤ ’ਤੇ ਮਾੜਾ ਅਸਰ ਪਾਉਂਦਾ ਹੈ ਪਰ ਸਿਗਰਟ, ਪਾਨ ਮਸਾਲਾ, ਜ਼ਰਦੇ ਸਮੇਤ ਹੋਰ ਤੰਬਾਕੂ ਪਦਾਰਥ ਮਨੁੱਖੀ ਸਿਹਤ ਲਈ ਜ਼ਿਆਦਾ ਮਾਰੂ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਕਾਰਨ ਫੇਫੜਿਆਂ, ਮੂੰਹ ਅਤੇ ਗਲੇ ਦਾ ਕੈਂਸਰ ਹੋ ਜਾਂਦਾ ਹੈ। ਦੰਦ ਅਤੇ ਮਸੂੜੇ ਖ਼ਰਾਬ ਹੋ ਜਾਂਦੇ ਹਨ। ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
ਡਾ. ਆਰ.ਪੀ ਸਿੰਘ ਨੇ ਦਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਦੀ ਬਾਹਰੀ ਕੰਧ ਦੇ 100 ਗਜ਼ ਦੂਰ ਤਕ ਦੇ ਘੇਰੇ ਵਿਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਛਡਣਾ ਕੋਈ ਅੌਖੀ ਗੱਲ ਨਹੀਂ। ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਡਾਕਟਰੀ ਸਲਾਹ ਲਈ ਮੁਹਾਲੀ ਦੇ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਤੈਨਾਤ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਇਸ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਦੀਪਤੀ ਨੇ ਦੱਸਿਆ ਕਿ ਸਵਾਈਨ ਫਲੂ ਐਚ 1 ਅਤੇ ਐਨ 1 ਨਾਂ ਦੇ ਵਿਸ਼ਾਣੂ ਰਾਹੀਂ ਹੁੰਦਾ ਹੈ ਜੋ ਇਕ ਤੋਂ ਦੂਜੇ ਮਨੁੱਖ ਵਿਚ ਸਾਹ ਰਾਹੀਂ ਫੈਲਦਾ ਹੈੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਖੰਘਦੇ ਜਾਂ ਛਿੱਕਦੇ ਸਮੇਂ ਅਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਣ ਅਤੇ ਬਹੁਤ ਸਾਰਾ ਪਾਣੀ ਪੀਣ। ਉਨ੍ਹਾਂ ਦਸਿਆ ਕਿ ਸਵਾਈਨ ਫ਼ਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ। ਇਸ ਮੌਕੇ ਤੰਬਾਕੂ ਸਬੰਧੀ ਬੱਚਿਆਂ ਦੇ ਡਰਾਇੰਗ ਅਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ ਤੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਸਮਾਗਮ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਦੀਪਤੀ, ਜ਼ਿਲ੍ਹਾ ਤੰਬਾਕੂ ਸਲਾਹਕਾਰ ਡਾ. ਰੁਪਿੰਦਰ ਕੌਰ, ਗੁਰਵਿੰਦਰਜੀਤ ਸਿੰਘ ਸੈਣੀ, ਦਿਨੇਸ਼ ਚੌਧਰੀ, ਭੁਪਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…