Nabaz-e-punjab.com

ਜ਼ਿਲ੍ਹਾ ਟਰੈਫ਼ਿਕ ਐਜ਼ੂਕੇਸ਼ਨ ਸੈੱਲ ਵੱਲੋਂ ਸਿੱਖਿਆ ਬੋਰਡ ਦੇ ਦਫ਼ਤਰ ਵਿੱਚ ਜਾਗਰੂਕਤਾ ਸੈਮੀਨਾਰ

ਬੋਰਡ ਮੁਲਾਜ਼ਮਾਂ ਨੂੰ ਟਰੈਫ਼ਿਕ ਨਿਯਮਾਂ ਅਤੇ ਅੌਰਤਾਂ ਦੀ ਸੁਰੱਖਿਆ ਬਾਬਤ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਜ਼ਿਲ੍ਹਾ ਪੁਲੀਸ ਟਰੈਫ਼ਿਕ ਐਜੂਕੇਸ਼ਨ ਸੈੱਲ ਮੁਹਾਲੀ ਦੇ ਇੰਚਾਰਜ ਏਐਸਆਈ ਜਨਕ ਰਾਜ ਵੱਲੋਂ ਸਾਂਝ ਕੇਂਦਰ ਸੈਂਟਰਲ ਥਾਣਾ ਫੇਜ਼-8 ਦੇ ਸਹਿਯੋਗ ਨਾਲ ਵੀਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਐਸਐਸਪੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ (ਟਰੈਫ਼ਿਕ) ਕੇਸਰ ਸਿੰਘ ਅਤੇ ਡੀਐਸਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਵਿੱਚ ਬੋਰਡ ਮੁਲਾਜ਼ਮਾਂ ਨੂੰ ਟਰੈਫ਼ਿਕ ਨਿਯਮਾਂ ਦੇ ਨਾਲ-ਨਾਲ ਅੌਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਵੱਲੋਂ ਲਾਂਚ ਕੀਤੇ ‘ਸ਼ਕਤੀ’ ਐਪ ਬਾਰੇ ਜਾਗਰੂਕਤਾ ਕੀਤਾ ਗਿਆ।
ਇਸ ਮੌਕੇ ਏਐਸਆਈ ਜਨਕ ਰਾਜ ਨੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮਟ ਦੀ ਵਰਤੋਂ ਕੀਤੀ ਜਾਵੇ ਜਦੋਂਕਿ ਚਾਰ ਪਹੀਆ ਵਾਹਨ ਵਿੱਚ ਸਫ਼ਰ ਕਰਦੇ ਸਮੇਂ ਸੀਟ ਬੈਲਟ ਲਗਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵਾਹਨਾਂ ਦੇ ਪ੍ਰੈੱਸ਼ਰ ਹਾਰਨ ਦੀ ਵਰਤੋਂ ਨਾ ਕਰਨ, ਕੋਈ ਵੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਨਾ ਸੁਣਨਾ, ਗਲਤ ਸਾਈਡ ਡਰਾਈਵਿੰਗ ਨਾ ਕਰਨ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਮੋਟਰ ਸਾਈਕਲ ਨਾਲ ਪਟਾਕੇ ਨਾ ਮਾਰਨ, ਵਾਹਨ ਦੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣ ਅਤੇ ਨਾਬਾਲਗ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੇਣ ਦੀ ਅਪੀਲ ਕੀਤੀ।
ਸੈਮੀਨਾਰ ਦੌਰਾਨ ਪੰਜਾਬ ਪੁਲੀਸ ਵੱਲੋਂ ਅੌਰਤਾਂ ਦੀ ਸੁਰੱਖਿਆ ਲਈ ਲਾਂਚ ਕੀਤੀ ‘ਸ਼ਕਤੀ’ ਐਪ ਬਾਰੇ ਜਾਣਕਾਰੀ ਦਿੰਦਿਆਂ ਜਨਕ ਰਾਜ ਨੇ ਦੱਸਿਆ ਕਿ ਇਸ ਐਪ ਨੂੰ ਮੋਬਾਈਲ ਦੇ ਪਲੇਅ ਸਟੋਰ ’ਚੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਡਾਊਨਲੋਡ ਕਰਨ ਤੋਂ ਬਾਅਦ ਇਸ ਵਿੱਚ ਆਪਣਾ ਨਾਮ, ਨੰਬਰ ਅਤੇ ਈ ਮੇਲ ਦਰਜ ਕਰਨਾ ਹੋਵੇਗਾ। ਇਹ ਐਪ ਲੜਕੀਆਂ ਲਈ ਬੇਹੱਦ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੜਕੀ ਦਫ਼ਤਰ ਜਾਂ ਰਾਹ ਵਿੱਚ ਆਉਂਦੇ-ਜਾਂਦੇ ਅਸੁਰੱਖਿਅਤ ਮਹਿਸੂਸ ਕਰਦੀ ਹੈ ਤਾਂ ਉਹ ਆਪਣੇ ਮੋਬਾਈਲ ਤੋਂ ਸ਼ਕਤੀ ਐਪ ਰਾਹੀਂ ਪੁਲੀਸ ਤੋਂ ਮਦਦ ਮੰਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਦੀ ਲੋਕੇਸ਼ਨ ਟਰੇਸ ਕਰ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਜਿੱਥੇ ਲੜਕੀਆਂ ਨੂੰ ਆਪਣੇ ਮੋਬਾਈਲ ਵਿੱਚ ਸ਼ਕਤੀ ਐਪ ਨੂੰ ਡਾਊਨਲੋਡ ਕਰਨ ਦੀ ਅਪੀਲ ਕੀਤੀ ਗਈ, ਉੱਥੇ ਬੋਰਡ ਦੀ ਇਮਾਰਤ ਦੇ ਬਾਹਰ ਸ਼ਕਤੀ ਐਪ ਸਬੰਧੀ ਜਾਗਰੂਕਤਾ ਪੋਸਟਰ ਵੀ ਲਗਾਏ ਗਏ। ਇਸ ਮਗਰੋਂ ਇਸ ਟੀਮ ਵੱਲਂ ਪੁਰਾਣਾ ਅੰਤਰਰਾਜ਼ੀ ਬੱਸ ਅੱਡਾ ਫੇਜ਼-8 ਦੇ ਬਾਹਰ ਸੜਕ ’ਤੇ ਬੱਸ ਦੀ ਉਡੀਕ ਰਹੇ ਲੋਕਾਂ ਨੂੰ ਵੀ ਟਰੈਫ਼ਿਕ ਨਿਯਮਾਂ ਅਤੇ ਸ਼ਕਤੀ ਐਪ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਫੇਜ਼-8 ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ, ਮਹਿਲਾ ਸਿਪਾਹੀ ਰਵਨੀਤ ਕੌਰ, ਸਿਪਾਹੀ ਕੁਲਵਿੰਦਰ ਸਿੰਘ, ਬਿਕਰਮ ਸਿੰਘ ਅਤੇ ਸਿੱਖਿਆ ਬੋਰਡ ਦੇ ਅਧਿਕਾਰੀ/ਕਰਮਚਾਰੀ ਅਤੇ ਹੋਰ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…