
ਗਿਆਨ ਜੋਤੀ ਕੈਂਪਸ ਵਿੱਚ ਅੌਰਤਾਂ ਦੀ ਸਿਹਤ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ
ਪਰਿਵਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅੌਰਤ: ਡਾ. ਰੁਪਿੰਦਰ ਕੌਰ
ਨਬਜ਼-ਏ-ਪੰਜਾਬ, ਮੁਹਾਲੀ, 28 ਸਤੰਬਰ:
ਇੱਥੋਂ ਦੇ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿਖੇ ਅੌਰਤਾਂ ਅਤੇ ਸਿਹਤ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮਹਿਲਾ ਮੁਲਾਜ਼ਮਾਂ ਨੇ ਸ਼ਮੂਲੀਅਤ ਕਰਕੇ ਅੌਰਤਾਂ ਦੀ ਸਿਹਤ ਸਬੰਧੀ ਅਹਿਮ ਨੁਕਤੇ ਸੁਣੇ ਅਤੇ ਸਾਂਝੇ ਕੀਤੇ। ਗਾਇਨੀਕੋਲੋਜਿਸਟ ਡਾ. ਰੁਪਿੰਦਰ ਕੌਰ ਨੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੀ ਜਾਣ ਵਾਲੀ ਅੌਰਤ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਅੌਰਤਾਂ ਦੀ ਸਿਹਤ ਅਤੇ ਤੰਦਰੁਸਤ ਜ਼ਿੰਦਗੀ ਜਿਊਣ ਦੇ ਤਰੀਕੇ ਅਤੇ ਕਈ ਬਿਮਾਰੀਆਂ ਤੋਂ ਸਮੇਂ ਰਹਿੰਦੇ ਬਚਾਅ ਦੇ ਤਰੀਕੇ ਸਾਂਝੇ ਕੀਤੇ।
ਡਾ. ਰੁਪਿੰਦਰ ਕੌਰ ਨੇ ਅੌਰਤਾਂ ਨੂੰ ਆਪਣੇ ਪਰਿਵਾਰ ਦੀ ਸੰਭਾਲ ਦੇ ਨਾਲ-ਨਾਲ ਆਪਣੀ ਸਿਹਤ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੌਰਤ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ’ਤੇ ਨਿਯਮਤ ਜਾਂਚ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਹਰੇਕ ਬੱਚੇ ਦੇ ਟੀਕਾਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੰਮਕਾਜੀ ਅੌਰਤਾਂ ’ਤੇ ਪੈਣ ਵਾਲੇ ਦੋਹਰੇ ਕੰਮਾਂ ਦੇ ਪ੍ਰਭਾਵ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਅਸਰ ਅਤੇ ਉਸ ਤੋਂ ਬਚਣ ਲਈ ਪ੍ਰੇਰਿਆ।
ਡਾ. ਰੁਪਿੰਦਰ ਕੌਰ ਨੇ ਅੌਰਤਾਂ ਅਤੇ ਬੱਚਿਆਂ ਲਈ ਉਪਲਬਧ ਸੇਵਾਵਾਂ, ਗਰਭ ਅਵਸਥਾ ਦੌਰਾਨ ਨਿਯਮਤ ਏਐਨਸੀ ਚੈੱਕਅਪ ਦੀ ਲੋੜ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਗਰਭ ਅਵਸਥਾ ਦੌਰਾਨ ਗਰੀਬ ਅੌਰਤਾਂ ਵਿੱਚ ਸਿਹਤ ਜਾਂਚ ਸਬੰਧੀ ਲਗਨ ਦੀ ਘਾਟ ’ਤੇ ਚਿੰਤਾ ਪ੍ਰਗਟ ਕੀਤੀ। ਗਿਆਨ ਜੋਤੀ ਗਰੁੱਪ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਅੌਰਤਾਂ ਦੀ ਸਿਹਤ, ਗਾਇਨੀਕੋਲੋਜੀ ਅਤੇ ਜਨਤਕ ਸਿਹਤ ਦੇ ਖੇਤਰ ਵਿੱਚ ਅੌਰਤਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।