
ਟਰੈਫ਼ਿਕ ਨਿਯਮਾਂ ਬਾਰੇ ਮਾਤਾ ਸਾਹਿਬ ਕੌਰ ਸਕੂਲ ਸਵਾੜਾ ਵਿੱਚ ਜਾਗਰੂਕਤਾ ਸੈਮੀਨਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਮੁਹਾਲੀ ਦੇ ਸੀਨੀਅਰ ਕਪਤਾਨ ਪੁਲੀਸ ਵਿਵੇਕਸ਼ੀਲ ਸੋਨੀ ਦੇ ਹੁਕਮਾਂ ਤਹਿਤ ਜ਼ਿਲ੍ਹਾ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਜਨਕ ਰਾਜ, ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਸੇਫ਼ ਸਕੂਲ ਵਾਹਨ ਸਕੀਮ ਤਹਿਤ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਸਵਾੜਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੈਮੀਨਾਰ ਕੀਤਾ। ਇਸ ਦੌਰਾਨ ਉਨ੍ਹਾਂ ਬੱਸਾਂ ਦੀ ਚੈਕਿੰਗ ਵੀ ਕੀਤੀ।
ਸ੍ਰੀ ਜਨਕ ਰਾਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਸ ਡਰਾਈਵਰਾਂ ਅਤੇ ਫੀਮੇਲ ਅਟੈਂਡਸ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਬਾਰੇ, ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਅਤੇ ਰਾਤ ਸਮੇਂ ਆਪਣੇ ਵਾਹਨਾਂ ਦੇ ਹਾਈਬੀਮ ਦੀ ਵਰਤੋਂ ਨਾ ਕਰਨ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਸੇਵ ਸਕੂਲ ਵਾਹਨ ਸਕੀਮ ਬਾਰੇ, ਬੱਸਾਂ ਵਿੱਚ ਕੈਮਰੇ ਲਗਾਉਣ ਬਾਰੇ, ਇਸ ਦੇ ਨਾਲ ਦੋ ਪਹੀਆ ਵਾਹਨ ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ਉੱਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਫਸਟ-ਏਡ ਰੱਖਣ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰ ਸਾਈਕਲ ਤੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਇੰਨਬਿੰਨ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਬੱਸਾਂ ਦੇ 10 ਚਲਾਨ ਅਤੇ ਅੰਡਰਏਜ਼ ਦੇ 7 ਚਲਾਨ ਕੀਤੇ ਗਏ ਹਨ। ਇਸ ਦੇ ਨਾਲ ਲਗਾਤਾਰ ਵੱਧ ਰਹੇ ਸਾਈਬਰ ਕ੍ਰਾਈਮ ਤੋਂ ਸਾਵਧਾਨ ਰਹਿਣ ਬਾਰੇ ਜਾਣਕਾਰੀ ਦਿੱਤੀ।