Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਵੱਲੋਂ ਬਾਜਰੇ ਬਾਰੇ ਜਾਗਰੂਕਤਾ ਸੈਸ਼ਨ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ: ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਨਿਸਟ੍ਰੇਸ਼ਨ (ਸੀਬੀਐਸਏ) ਅਤੇ ਚੰਡੀਗੜ੍ਹ ਕਾਲਜ ਆਫ਼ ਹੋਸਪਿਟੈਲਿਟੀ (ਸੀਸੀਐਚ), ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਵੱਲੋਂ ਚੱਪੜਚਿੜੀ ਪਿੰਡ ਵਿਖੇ ਬਾਜਰੇ ਦੀ ਫਸਲ ਸਬੰਧੀ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਗਤੀਵਿਧੀ ਮਨਿਸਟ੍ਰਰੀ ਆਫ ਐਜੂਕੇਸ਼ਨ (ਐਮੳਯੂ) ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਉੱਨਤ ਭਾਰਤ ਮੁਹਿੰਮ (ਯੂਬੀਏ) ਵਿੱਚ ਯੋਜਨਾਬੱਧ ਕੀਤੇ ਗਏ ਕੰਮਾਂ ਜਾਂ ਗਤੀਵਿਧੀਆਂ ਦੇ ਤਹਿਤ ਕੀਤੀ ਗਈ। ਪੇਂਡੂ ਵਸਨੀਕਾਂ ਦੁਆਰਾ ਦਰਪੇਸ਼ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਨੂੰ ਸਮਝਣ ਲਈ ਸੰਸਥਾ ਵੱਲੋਂ ਗੋਦ ਲਏ ਗਏ ਪੰਜ ਕਲੱਸਟਰ ਪਿੰਡਾਂ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਕਰਵਾਏ ਗਏ ਇੱਕ ਘਰੇਲੂ ਸਰਵੇਖਣ ਦੇ ਮੁੱਢਲੇ ਨਤੀਜਿਆਂ ਦੇ ਅਧਾਰ ’ਤੇ, ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਚੱਪੜਚਿੜੀ ਪਿੰਡ ਦੇ ਵਸਨੀਕਾਂ ਨਾਲ ਇਹ ਸੈਸ਼ਨ ਲਗਾਉਣ ਦਾ ਚੁਣਾਵ ਕੀਤਾ। ਵਿਦਿਆਰਥੀਆਂ ਵੱਲੋਂ ਕੀਤੀ ਇਸ ਗਤੀਵਿਧੀ ਦਾ ਮਕਸਦ ਪਿੰਡ ਵਾਸੀਆਂ ਵੱਲੋਂ ਬਾਜਰੇ ਦੀ ਕਾਸ਼ਤ ਕਰਨ ਦੇ ਨਾਲ ਨਾਲ ਇਸ ਦੇ ਸੇਵਨ ਕਰਨ ਨਾਲ ਸਿਹਤ ਅਤੇ ਆਰਥਿਕ ਤੌਰ ’ਤੇ ਪੈਂਦੇ ਲਾਭਾਂ ਬਾਰੇ ਜਾਣੂ ਕਰਵਾਉਣਾ ਵੀ ਸੀ। ਸੁਪਰਫੂਡ ਵਜੋਂ ਜਾਣੇ ਜਾਂਦਿਆਂ ਬਾਜਰਾ ਭਰਪੂਰ ਪੌਸ਼ਟਿਕਤਾ ਨਾਲ ਭਰਿਆ ਅਨਾਜ ਹੈ ਜਿਸ ਦੇ ਬਹੁਤ ਸਾਰੇ ਸਿਹਤ ਲਾਭ ਹਨ ਅਤੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਅਨਾਜ ਦੀ ਘੱਟ ਪਾਣੀ ਅਤੇ ਨਿਵੇਸ਼ ਦੇ ਜ਼ਰੀਏ ਆਸਾਨੀ ਨਾਲ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਦੀ ਸਮਰੱਥਾ ਨੂੰ ਮਾਨਤਾ ਦਿੰਦੇ ਹੋਏ ਯੂਐਨਜੀਏ ਨੇ ਵੀ 2023 ਨੂੰ ‘ਬਾਜਰੇ ਦਾ ਅੰਤਰਰਾਸ਼ਟਰੀ ਸਾਲ‘ ਐਲਾਨਿਆ ਹੈ। ਵਿਦਿਆਰਥੀਆਂ ਨੇ ਅੌਰਤਾਂ ਸਣੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਬਾਜਰੇ ਦੀ ਕਾਸ਼ਤ ਨੂੰ ਅਪਣਾਉਣ ਦੀ ਉਪਯੋਗਤਾ, ਮਹੱਤਤਾ ਅਤੇ ਆਰਥਿਕ ਵਿਹਾਰਕਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਨੂੰ ਵੱਖ-ਵੱਖ ਐਗਰੋ ਇਕੋਲਾਜੀਕਲ ਖੇਤਰਾਂ ਵਿੱਚ ਉਗਾਉਣਾ ਆਸਾਨ ਹੈ ਅਤੇ ਇਸ ਫਸਲ ਨੂੰ ਕੀੜਿਆਂ ਜਾਂ ਬਿਮਾਰੀਆਂ ਲਗਣ ਦਾ ਖਤਰਾ ਵੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਬਾਜਰੇ ਨੂੰ ਜੈਵਿਕ ਫਸਲਾਂ ਵਜੋਂ ਵੀ ਉਗਾਇਆ ਜਾ ਸਕਦਾ ਹੈ। ਇਸ ਸੈਸ਼ਨ ਦੌਰਾਨ ਸੀਸੀਐਚ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਭਾਗੀਦਾਰਾਂ ਨੂੰ ਸੁਆਦਲੇ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਤੇ ਆਸਾਨੀ ਨਾਲ ਤਿਆਰ ਹੋਣ ਵਾਲੇ ਭੋਜਨ ਜਿਵੇਂ ਕਿ ਰੋਟੀਆਂ, ਖਿਚੜੀ, ਦਲੀਆ ਅਤੇ ਲੱਡੂ ਆਦਿ ਤਿਆਰ ਕੀਤੇ ਅਤੇ ਸਾਰਿਆਂ ਨੂੰ ਪਰੋਸੇ। ਉਨ੍ਹਾਂ ਨੇ ਪਿੰਡ ਨਿਵਾਸੀਆਂ ਨਾਲ ਇਹਨਾਂ ਨੂੰ ਬਣਾਉਣ ਦੀ ਵਿਧੀ (ਰੈਸਿਪੀ) ਵੀ ਸਾਂਝੀ ਕੀਤੀਆਂ। ਇਸ ਦੇ ਨਾਲ ਹੀ ਸੀਬੀਐਸਏ ਦੇ ਵਿਦਿਆਰਥੀਆਂ ਨੇ ਬਾਜਰੇ ਵਰਗੀਆਂ ਜੈਵਿਕ ਫਸਲਾਂ ਨਾਲ ਛੋਟੇ ਕਾਰੋਬਾਰ ਚਲਾਉਣ ਅਤੇ ਕਾਸ਼ਤ ਕਰਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਬਾਜਰੇ ਦੀ ਕਾਸ਼ਤ ਅਤੇ ਵਰਤੋਂ ਨੂੰ ਇੱਕ ਟਿਕਾਊ ਅਤੇ ਸਿਹਤਮੰਦ ਵਿਕਲਪ ਦੱਸਿਆ ਜੋ ਉਨ੍ਹਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਸਹਾਈ ਸਿੱਧ ਹੋ ਸਕਦਾ ਹੈ। ਉੱਚ ਸਿੱਖਿਆ ਸੰਸਥਾਵਾਂ ਨੂੰ ਪੇਂਡੂ ਭਾਰਤ ਦੇ ਲੋਕਾਂ ਨਾਲ ਅਤੇ ਲੋਕਾਂ ਲਈ ਮਿਲ ਕੇ ਕੰਮ ਕਰਨ ਦੇ ਯੋਗ ਬਣਾਉਣ ਦੇ ਉਦੇਸ਼ ਨਾਲ ਯੂਬੀਏ ਅਜਿਹੇ ਅਦਾਰਿਆਂ ਨੂੰ ਵਿਕਾਸ ਦੀਆਂ ਚੁਨੌਤੀਆਂ ਦੀ ਪਛਾਣ ਕਰਨ, ਉਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਪੇਂਡੂ ਭਾਰਤ ਦੇ ਵਿਕਾਸ ਨੂੰ ਬੜ੍ਹਾਵਾ ਦੇਣ ਵਿੱਚ ਮਦਦ ਕਰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ