
ਪਿੰਡ ਝਿਊਰਹੇੜੀ ਵਿੱਚ ਸੁੱਕੇ ਤੇ ਗਿੱਲੇ ਕੂੜੇ ਬਾਰੇ ਕੀਤਾ ਜਾਗਰੂਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਇੱਥੋਂ ਦੇ ਨਜ਼ਦੀਕੀ ਪਿੰਡ ਝਿਊਰਹੇੜੀ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਓ ਮਹਿੰਦਰ ਸਿੰਘ ਨੇ ਸਮਾਰੋਹ ਵਿੱਚ ਪੁੱਜੇ ਪਿੰਡ ਵਾਸੀਆਂ ਨੂੰ ਗਿੱਲੇ ਅਤੇ ਸੁੱਕੇ ਕੁੜੇ ਨੂੰ ਅਲੱਗ-ਅਲੱਗ ਰੱਖਣ ਸਬੰਧੀ ਜਾਗਰੂਕ ਕੀਤਾ। ਗਰਾਮ ਪੰਚਾਇਤ ਝਿਊਰਹੇੜੀ ਵੱਲੋਂ ਇਸ ਸਮਾਰੋਹ ਦੌਰਾਨ ਪਿੰਡ ਵਾਸੀਆਂ ਨੂੰ ਹਰੇ ਅਤੇ ਨੀਲੇ ਰੰਗ ਦੇ ਗਿੱਲੇ ਸੁੱਕੇ ਕੁੜੇ ਦੀ ਵਰਤੋਂ ਲਈ ਡਸਟਬਿਨ ਵੰਡੇ ਗਏ ਅਤੇ ਲੋੜਵੰਦ ਅੌਰਤ ਸ਼ੇਰ ਕੌਰ ਨੂੰ ਈ-ਰਿਕਸ਼ਾ ਦੀ ਚਾਬੀ ਦਿੱਤੀ।

ਇਸ ਮੌਕੇ ਪਿੰਡ ਦੀ ਸਰਪੰਚ ਮਨਦੀਪ ਕੌਰ, ਪੰਚ ਜਸਵਿੰਦਰ ਸਿੰਘ ਤੇ ਹਰਦੀਪ ਸਿੰਘ, ਜਲ ਸਪਲਾਈ ਵਿਭਾਗ ਦੇ ਬਲਾਕ ਕੋਆਰਡੀਨੇਟਰ ਇੰਦਰਜੀਤ ਸਿੰਘ ਨੇ ਅੌਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਪਿੰਡ ਵਾਸੀਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ।