ਸਿੱਖਿਆ ਬੋਰਡ ਦਾ ਕਮਾਲ; ਪ੍ਰੀਖਿਆਰਥੀਆਂ ਦੀ ਗਿਣਤੀ ਤੋਂ ਵੱਧ ਮਾਤਰਾ ਵਿੱਚ ਛਪਾਈਆਂ ਉੱਤਰ ਪੱਤਰੀਆਂ

ਮਜ਼ਦੂਰਾਂ ਦੀ ਦਿਹਾੜੀ ਦੇ ਪੈਸਿਆਂ ਵਿੱਚ ਵੀ ਕਥਿਤ ਹੇਰਾਫੇਰੀ, ਬੋਰਡ ਨੇ ਮਜ਼ਦੂਰੀ ਦੇ 90 ਹਜ਼ਾਰ ਐਡਵਾਂਸ ਦਿੱਤੇ

ਪ੍ਰਾਈਵੇਟ ਫਰਮਾਂ ਤੋਂ ਪ੍ਰਤੀ ਉੱਤਰ ਪੱਤਰੀ 4 ਰੁਪਏ ਲੇਬਰ ਲਈ ਪਰ ਦਿਹਾੜੀਦਾਰ ਕਾਮਿਆਂ ਤੋਂ ਲਿਆ ਮਜ਼ਦੂਰੀ ਦਾ ਕੰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆਰਥੀਆਂ ਦੀ ਗਿਣਤੀ ਤੋਂ ਕਾਫੀ ਜ਼ਿਆਦਾ ਮਾਤਰਾ ਵਿੱਚ ਉੱਤਰ ਪੱਤਰੀਆਂ ਮੰਗਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਉਤਰ ਪੱਤਰੀਆਂ ਨੂੰ ਵਾਹਨ ਤੋਂ ਥੱਲੇ ਲਾਹੁਣ ਅਤੇ ਲੱਦਣ ਲਈ ਮਜ਼ਦੂਰਾਂ ਦੀ ਦਿਹਾੜੀ ਦੇ ਪੈਸਿਆਂ ਵਿੱਚ ਹੇਰਾਫੇਰੀ ਹੋਣ ਦਾ ਪਤਾ ਲੱਗਾ ਹੈ। ਲੇਬਰ ਨੂੰ ਦਿੱਤੇ ਜਾਣ ਵਾਲੇ ਪੈਸਿਆਂ ਦੀ ਹਿੱਸੇਦਾਰੀ ਨੂੰ ਲੈ ਕੇ ਬੋਰਡ ਮੁਲਾਜ਼ਮਾਂ ਵਿੱਚ ਹੋਏ ਆਪਸੀ ਝਗੜੇ ਦਾ ਮਾਮਲਾ ਸਿੱਖਿਆ ਸਕੱਤਰ-ਕਮ-ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਕੋਲ ਵੀ ਪੁੱਜਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਕਾਫੀ ਸਮੇਂ ਬਾਅਦ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲਈ ਜਾ ਰਹੀ ਹੈ। ਇਸ ਸਬੰਧੀ ਬਾਹਰਲੇ ਸੂਬਿਆਂ ਨਾਲ ਸਬੰਧਤ ਵੱਖ ਵੱਖ ਫਰਮਾਂ ਤੋਂ ਕਰੀਬ 35 ਲੱਖ ਉਤਰ ਪੱਤਰੀਆਂ ਮੰਗਵਾਈਆਂ ਗਈਆਂ ਹਨ। ਜਿਨ੍ਹਾਂ ਵਿੱਚ 30 ਲੱਖ ਉਤਰ ਪੱਤਰੀਆਂ ਮਾਰਕੇ ਵਾਲੀਆਂ ਹਨ ਜਦੋਂਕਿ 5 ਲੱਖ ਉਤਰ ਪੱਤਰੀਆਂ ਬਿਨਾਂ ਮਾਰਕੇ ਤੋਂ ਹਨ। ਇਹ ਸਪਲਾਈ ਮਥਰਾ ਤੋਂ ਆਉਣ ਬਾਰੇ ਦੱਸਿਆ ਗਿਆ ਹੈ।
ਇੰਝ ਹੀ ਦਸਵੀਂ ਸ਼੍ਰੇਣੀ ਲਈ 24 ਲੱਖ ਉਤਰ ਪੱਤਰੀਆਂ ਅਤੇ ਬਾਰ੍ਹਵੀਂ ਜਮਾਤ ਲਈ ਵੀ 24 ਲੱਖ ਉਤਰ ਪੱਤਰੀਆਂ ਮੰਗਵਾਈਆਂ ਗਈਆਂ ਹਨ। ਜਿਨ੍ਹਾਂ ਵਿੱਚ ਬਾਰ੍ਹਵੀਂ ਜਮਾਤ ਦੇ ਆਰਟਸ ਗਰੁੱਪ ਲਈ 12 ਲੱਖ, ਸਾਇੰਸ ਗਰੁੱਪ ਲਈ ਤਿੰਨ ਲੱਖ, ਪੈ੍ਰਕਟੀਕਲ ਲਈ 7 ਲੱਖ ਅਤੇ ਡਰਾਇੰਗ ਲਈ 2 ਲੱਖ ਉਤਰ ਪੱਤਰੀਆਂ ਆਈਆਂ ਹਨ। ਜੇਕਰ ਪਿਛਲੇ ਸਮੇਂ ਦੌਰਾਨ ਹੋਈਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਤੇ ਝਾਤ ਮਾਰ ਕੇ ਦੇਖੀ ਜਾਵੇ ਤਾਂ ਲਗਭਗ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਗਿਣਤੀ ਕਰੀਬ 7 ਲੱਖ ਤੋਂ ਵੱਧ ਨਹੀਂ ਟੱਪੀ ਹੈ। ਸਿਰਫ਼ ਐਤਕੀਂ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਪ੍ਰੀਖਿਆ ਲੈਣ ਕਾਰਨ ਪ੍ਰੀਖਿਆਰਥੀਆਂ ਦੀ ਗਿਣਤੀ ’ਚ ਜ਼ਰੂਰ ਵਾਧਾ ਹੋਇਆ ਹੈ। ਉਂਜ ਹਰੇਕ ਸਾਲ ਕਾਫੀ ਉਤਰ ਪੱਤਰੀਆਂ ਪਹਿਲਾਂ ਹੀ ਬਚੀਆਂ ਪਈਆਂ ਹੁੰਦੀਆਂ ਹਨ।
ਸੂਤਰ ਦੱਸਦੇ ਹਨ ਕਿ ਇਨ੍ਹਾਂ ਉਤਰ ਪੱਤਰੀਆਂ ਨੂੰ ਵਾਹਨਾਂ ਤੋਂ ਥੱਲੇ ਲਾਹੁਣ ਅਤੇ ਲੱਦਣ ਦੇ ਕੰਮ ਲਈ ਲੇਬਰ ਖ਼ਰਚਾ ਵੱਖਰਾ ਲਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਬੋਰਡ 90 ਹਜ਼ਾਰ ਪਹਿਲਾਂ ਹੀ ਐਡਵਾਂਸ ਵਿੱਚ ਦਿੱਤਾ ਗਿਆ ਹੈ ਜਦੋਂਕਿ ਸਬੰਧਤ ਫਰਮਾਂ ਤੋਂ ਵੀ 44 ਹਜ਼ਾਰ ਅਤੇ 54 ਹਜ਼ਾਰ ਰੁਪਏ ਵੱਖੋ ਵੱਖਰੇ ਆਏ ਹਨ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਹਿਲਾਂ ਬੋਰਡ ਦੇ ਮੁਲਾਜ਼ਮ ਨੇ ਇਹ ਰਾਸ਼ੀ ਸਿੱਧੇ ਆਪਣੀ ਪਤਨੀ ਦੇ ਖਾਤੇ ਵਿੱਚ ਪੁਆ ਲਈ ਸੀ ਪ੍ਰੰਤੂ ਹੁਣ ਦੂਜੇ ਮੁਲਾਜ਼ਮ ਨੇ ਆਪਣੇ ਨਿੱਜੀ ਖਾਤੇ ਵਿੱਚ ਪੁਆ ਲਈ ਗਈ ਹੈ। ਸਬੰਧਤ ਫਰਮਾਂ ਤੋਂ ਆਉਣ ਵਾਲੀਆਂ ਉਤਰ ਪੱਤਰੀਆਂ ਵਾਲੇ ਵਾਹਨ ਅਤੇ ਬੋਰਡ ਦੇ ਵਾਹਨਾਂ ਦੀ ਪਿੱਠ ਜੋੜ ਕੇ ਇਕ ਤੋਂ ਦੂਜੇ ਵਾਹਨ ਵਿੱਚ ਬੜੀ ਆਸਾਨੀ ਨਾਲ ਉਤਰ ਪੱਤਰੀਆਂ ਦੇ ਬੰਡਲ ਰੱਖੇ ਜਾਂਦੇ ਹਨ। ਉਪਰੰਤ ਵੱਖ ਵੱਖ ਜ਼ਿਲ੍ਹਾ ਡਿੱਪੂਆਂ ਵਿੱਚ ਪੁੱਜਦੀਆਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਇਸ ਕੰਮ ਦੇ ਪੈਸੇ ਬਾਹਰੋਂ ਲੇਬਰ ਲਿਆਉਣ ਦਾ ਪ੍ਰਬੰਧ ਕਰਨ ਲਈ ਵਸੂਲੇ ਜਾਂਦੇ ਹਨ। ਜਦੋਂਕਿ ਉਤਰ ਪੱਤਰੀਆਂ ਨੂੰ ਨਾ ਤਾਂ ਥੱਲੇ ਲਾਹਿਆਂ ਜਾਂਦਾ ਹੈ ਅਤੇ ਜ਼ਮੀਨ ਤੋਂ ਚੁੱਕ ਕੇ ਦੂਜੇ ਵਾਹਨ ਵਿੱਚ ਲੱਦਿਆਂ ਜਾਂਦਾ ਹੈ ਅਤੇ ਇਹ ਕੰਮ ਬਾਹਰੋਂ ਲੇਬਰ ਨਾ ਮੰਗਵਾ ਕੇ ਬੋਰਡ ਦੇ ਦਿਹਾੜੀਦਾਰ ਕਾਮਿਆਂ ਤੋਂ ਕਰਵਾਇਆ ਜਾਂਦਾ ਹੈ।
(ਬਾਕਸ ਆਈਟਮ)
ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਸਪੱਸ਼ਟ ਕੀਤਾ ਕਿ ਉਤਰ ਪੱਤਰੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਲੋੜ ਅਨੁਸਾਰ ਮੰਗਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਗੱਲ ਪ੍ਰੀਖਿਆਰਥੀਆਂ ਦੀ ਗਿਣਤੀ ਦੀ ਨਹੀਂ ਹੈ। ਜਿਵੇਂ ਬਾਰ੍ਹਵੀਂ ਜਮਾਤ ਲਈ ਵੱਖ ਵੱਖ ਗਰੁੱਪਾਂ ਲਈ ਉਤਰ ਪੱਤਰੀਆਂ ਛਪਾਈਆਂ ਜਾਂਦੀਆਂ ਹਨ। ਕਈ ਵਾਰ ਪ੍ਰੀਖਿਆ ਦੌਰਾਨ ਨਕਲ ਜਾਂ ਹੋਰ ਪ੍ਰਬੰਧਕੀ ਕਾਰਨਾਂ ਕਰਕੇ ਐਨ ਮੌਕੇ ਪ੍ਰੀਖਿਆ ਰੱਦ ਕਰਨੀ ਪੈਂਦੀ ਹੈ। ਜਿਸ ਨੂੰ ਦੁਬਰਾ ਲਿਆ ਜਾਂਦਾ ਹੈ। ਉਵੇਂ ਹੀ ਸਾਲਾਨਾ ਪ੍ਰੀਖਿਆ ਵਿੱਚ ਫੇਲ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ, ਤੱਦ ਵੀ ਉਤਰ ਪੱਤਰੀਆਂ ਦੀ ਲੋੜ ਪੈਂਦੀ ਹੈ। ਜਿਸ ਕਾਰਨ ਹਮੇਸ਼ਾ ਹੀ ਕੁਝ ਫੀਸਦੀ ਵੱਧ ਉਤਰ ਪੱਤਰੀਆਂ ਛਪਵਾਈਆਂ ਜਾਂਦੀਆਂ ਹਨ। ਜਦੋਂ ਅਧਿਕਾਰੀ ਨੂੰ ਉਤਰ ਪੱਤਰ ਦੀਆਂ ਲੇਬਰ ਦੇ ਪੈਸਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਇਹ ਕਹਿ ਕੇ ਗੱਲ ਨੂੰ ਟਾਲ ਗਏ ਕਿ ਬੋਰਡ ਨੇ ਲੇਬਰ ਲਈ ਕੋਈ ਪੈਸਾ ਨਹੀਂ ਦਿੱਤਾ ਹੈ। ਉਂਜ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿੱਚੋਂ ਉਹ ਦੋ ਦਿਨਾਂ ਲਈ ਬਾਹਰ ਗਏ ਸਨ, ਹੋ ਸਕਦਾ ਹੈ ਕਿ ਉਨ੍ਹਾਂ ਦੇ ਪਿੱਛੋਂ ਕੋਈ ਫਾਈਲ ਪਾਸ ਹੋ ਗਈ ਹੋਵੇ। (ਧੰਨਵਾਦ ਸਾਹਿਤ, ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…