ਐਕਸਿਸ ਬੈਂਕ ਦੀ ਕੈਸ਼ ਵੈਨ ’ਚੋਂ 1 ਕਰੋੜ 33 ਲੱਖ ਰੁਪਏ ਲੁੱਟੇ, ਗੋਲੀ ਲੱਗਣ ਕਾਰਨ ਗੰਨਮੈਨ ਗੰਭੀਰ ਜ਼ਖ਼ਮੀ

ਕੈਪਟਨ ਰਾਜ ਦੇ ਡੇਢ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਲੁੱਟ ਘਟਨਾ, ਪੁਲੀਸ ਦੀ ਕਾਰਗੁਜਾਰੀ ’ਤੇ ਲੱਗਿਆ ਪ੍ਰਸ਼ਨਚਿੰਨ੍ਹ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾਬਨੂੜ, 2 ਮਈ
ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਦੇ ਖ਼ਿਲਾਫ਼ ਕੀਤੀ ਜਾਣ ਵਾਲੀ ਸਖ਼ਤ ਕਾਰਵਾਈ ਦੇ ਦਾਅਵਿਆਂ ਦੀ ਅੱਜ ਉਦੋਂ ਪੋਲ ਖੁੱਲ੍ਹ ਗਈ ਜਦੋਂ ਬਨੂੜ ਰਾਜਪੁਰਾ ਨੈਸ਼ਨਲ ਹਾਈਵੇਅ ਉੱਤੇ ਚਿਤਕਾਰਾ ਯੂਨੀਵਰਸਿਟੀ ਦੇ ਗੇਟ ਸਾਹਮਣੇ ਅਣਪਛਾਤੇ ਲੁਟੇਰਿਆਂ ਨੇ ਐਕਸਿਸ ਬੈਂਕ ਦੀ ਵੈਨ ਨੂੰ ਰੋਕ ਕੇ ਦਿਨ ਦਿਹਾੜੇ 1 ਕਰੋੜ 33 ਲੱਖ ਰੁਪਏ ਲੁੱਟ ਲਏ ਅਤੇ ਗੋਲੀਆਂ ਚਲਾਉਂਦੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਇਸ ਸੜਕ ’ਤੇ ਹਰ ਵੇਲੇ ਕਾਫੀ ਭੀੜ ਭੜੱਕਾ ਰਹਿੰਦਾ ਹੈ ਅਤੇ ਸੜਕ ਦੇ ਨਿਰਮਾਣ ਕਾਰਨ ਥਾਂ ਥਾਂ ਕਾਰੀਗਰ ਕੰਮ ’ਤੇ ਲੱਗੇ ਹੋਏ ਹਨ। ਇਸ ਦੇ ਬਾਵਜੂਦ ਲੁਟੇਰੇ ਬੈਂਕ ਦੀ ਕੈਸ਼ਵੈਨ ਨੂੰ ਲੁੱਟ ਦੇ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਡੇਢ ਮਹੀਨੇ ਦੌਰਾਨ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਲੁੱਟ ਦੀ ਘਟਨਾ ਹੈ। ਜਿਸ ਨੇ ਪੁਲੀਸ ਦੀ ਕਾਰਗੁਜਾਰੀ ’ਤੇ ਪ੍ਰਸ਼ਨਚਿੰਨ੍ਹ ਲਗਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਮੇਂ ਭਾਰੀ ਟਰੈਫ਼ਿਕ ਚਲਦਾ ਰਹਿਣ ਵਾਲੀ ਚੰਡੀਗੜ੍ਹ-ਪਟਿਆਲਾ ਮੁੱਖ ਸੜਕ ’ਤੇ ਅੱਜ ਦਿਨ ਦਿਹਾੜੇ ਕਰੀਬ ਪੌਣੇ 10 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਵਿੱਚ ਬੈਂਕ ਦੀ ਕੈਸ਼ ਵੈਨ ਦਾ ਗੰਨਮੈਨ ਜਸਵੰਤ ਸਿੰਘ ਲੁਟੇਰਿਆਂ ਵੱਲੋਂ ਚਲਾਈ ਗੋਲੀ ਲੱਗਣ ਕਾਰਣ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰੇ 2 ਗੱਡੀਆਂ (ਇੱਕ ਸਕਾਰਪਿਊ ਅਤੇ ਇੱਕ ਹੌਂਡਾ ਅਮੇਜ) ਵਿੱਚ ਆਏ ਸੀ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਗੇਟ ਅੱਗੇ ਉਨ੍ਹਾਂ ਨੇ ਕੈਸ਼ ਵੈਨ (ਜਿਹੜੀ ਚੰਡੀਗੜ੍ਹ ਤੋਂ ਰਾਜਪੁਰਾ ਅਤੇ ਪਟਿਆਲਾ ਦੀਆਂ ਬ੍ਰਾਂਚਾਂ ਕੈਸ਼ ਲੈ ਕੇ ਜਾ ਰਹੀ ਸੀ) ਦੇ ਅੱਗੇ ਸਕਾਰਪਿਉ ਗੱਡੀ ਲਾ ਕੇ ਰਾਹ ਰੋਕ ਲਿਆ। ਉਸ ਵੇਲੇ ਕੈਸ਼ ਵੈਨ ਦੇ ਪਿੱਛੇ ਇੱਕ ਬਸ ਸੀ ਜੋ ਸਾਈਡ ਤੋੱ ਅੱਗੇ ਲੰਘ ਗਈ ਅਤੇ ਲੁਟੇਰਿਆਂ ਨੇ ਆਪਣੀ ਹੋਂਡਾ ਅਮੇਜ ਕਾਰ ਵੈਨ ਦੇ ਪਿੱਛੇ ਲਗਾ ਦਿੱਤੀ ਅਤੇ ਉਤਰ ਕੇ ਗੋਲੀਆਂ ਚਲਾਉਣ ਲੱਗ ਪਏ। ਇਸ ਕੈਸ਼ ਵੈਨ ਵਿੱਚ ਵੈਨ ਦਾ ਡ੍ਰਾਈਵਰ ਹਰਪ੍ਰੀਤ ਸਿੰਘ, ਗੰਨਮੈਨ ਸ਼ਮਸ਼ੇਰ ਸਿੰਘ ਅਤੇ ਜਸਵੰਤ ਸਿੰਘ, ਲੋਡਰ ਜਤਿੰਦਰ ਸਿੰਘ ਅਤੇ ਖਜਾਂਚੀ ਅਮਰਿੰਦਰ ਸਿੰਘ ਮੌਜੂਦ ਸਨ ਜਦੋਂ ਕਿ ਲੁਟੇਰਿਆਂ ਦੀ ਗਿਣਤੀ 6-7 ਦੇ ਕਰੀਬ ਦੱਸੀ ਗਈ ਹੈ। ਲੁਟੇਰਿਆ ਨੇ ਕਾਲੀਆਂ ਪੈਂਟਾ ਅਤੇ ਕਾਲੀਆਂ ਕਮੀਜਾਂ ਪਾਈਆਂ ਹੋਈਆਂ ਸਨ ਅਤੇ ਉਹਨਾਂ ਨੇ ਮੂੰਹ ਤੇ ਰੁਮਾਲ ਬੰਨੇ ਹੋਏ ਸਨ। ਇਹ ਲੁਟੇਰੇ ਹਥਿਆਰਬੰਦ ਸੀ ਅਤੇ ਉਹਨਾਂ ਨੇ ਰੁਕ ਰੁਕ ਕੇ ਕਈ ਵਾਰ ਫਾਇਰਿੰਗ ਵੀ ਕੀਤੀ।
ਜਾਣਕਾਰੀ ਅਨੁਸਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਸਕਾਰਪਿਉ ਗੱਡੀ ਵਿੱਚ ਬੈਠ ਕੇ ਰਾਜਪੁਰੇ ਵੱਲ ਰਵਾਨਾ ਹੋ ਗਏ ਅਤੇ ਅਮੇਜ ਕਾਰ ਮੌਕੇ ਤੇ ਹੀ ਛੱਡ ਗਏ। ਇਹ ਅਮੇਜ ਕਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿਛਲੇ ਮਹੀਨੇ ਪਟਿਆਲਾ ਤੋਂ ਖੋਹੀ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਡੀਜੀਪੀ ਲਾਅ ਐੱਡ ਆਰਡਰ ਅਮਿਤ ਚੌਧਰੀ, ਆਈ.ਜੀ ਸ੍ਰੀ ਏ.ਐਸ. ਰਾਏ, ਪਟਿਆਲਾ ਦੇ ਐਸਐਸਪੀ ਸਮੇਤ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲੀਸ ਵੱਲੋਂ ਕੈਸ਼ ਵੈਨ ਦੇ ਚਾਲਕ ਅਤੇ ਹੋਰਨਾਂ ਕਰਮਚਾਰੀਆਂ ਤੋਂ ਕਰਾਸ ਪੁੱਛਗਿਛ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਮੁਹਾਲੀ ਦੇ ਸੈਕਟਰ 80 ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਐਕਸਿਸ ਬੈਂਕ ਦੀ ਵੈਨ ਨੂੰ ਘੇਰ ਕੇ ਕਰੀਬ ਡੇਢ ਕਰੋੜ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸੀ। ਜਿਨ੍ਹਾਂ ਨੂੰ ਬਾਅਦ ਵਿੱਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਜੇਲ੍ਹ ਵਿੱਚ ਬੰਦ ਦੱਸੇ ਗਏ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …