Nabaz-e-punjab.com

ਅਯੋਧਿਆ ਰਾਮ ਮੰਦਰ ਮਾਮਲਾ: ਮੰਦਰ ਦੀ ਉਸਾਰੀ ਲਈ ਸਿਆਸੀ ਆਗੂਆਂ ਦੀ ਕਮੇਟੀ ਬਣਾਉਣ ਦਾ ਵਿਰੋਧ ਸ਼ੁਰੂ

ਅਯੋਧਿਆ ਵਿੱਚ ਸ੍ਰੀ ਰਾਮ ਮੰਦਰ ਦੀ ਉਸਾਰੀ ਦਾ ਕੰਮ ਸਾਧੂ ਸੰਤ ਸਮਾਜ ਦੇ ਸਪੁਰਦ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ:
ਆਯੋਧਿਆ ਵਿੱਚ ਸ੍ਰੀ ਰਾਮ ਮੰਦਰ ਦੀ ਉਸਾਰੀ ਲਈ ਕੇਂਦਰ ਸਰਕਾਰ ਦੇ ਸਿਆਸੀ ਆਗੂਆਂ ਦੀ ਵਿਸ਼ੇਸ਼ ਕਮੇਟੀ ਬਣਾਉਣ ਦੇ ਪ੍ਰਸਤਾਵ ਪਹਿਲੇ ਹੀ ਪੜਾਅ ’ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਭਾਰਤ ਸਾਧੂ ਸਮਾਜ ਨੇ ਮੰਗ ਕੀਤੀ ਹੈ ਕਿ ਮੰਦਰ ਨਿਰਮਾਣ ਲਈ ਸਿਆਸੀ ਆਗੂਆਂ ਦੀ ਅਗਵਾਈ ਹੇਠ ਕੋਈ ਕਮੇਟੀ ਨਾ ਬਣਾਈ ਜਾਵੇ ਸਗੋਂ ਮੰਦਰ ਦੀ ਉਸਾਰੀ ਦਾ ਕੰਮ ਜਗਤਗੁਰੂ ਸ਼ੰਕਰਾਚਾਰੀਆ ਦੀ ਅਗਵਾਈ ਹੇਠ ਸਾਧੂ ਸੰਤਾਂ ਅਤੇ ਮਹਾਤਮਾਵਾਂ ਦੇ ਸਪੁਰਦ ਕੀਤਾ ਜਾਵੇ।
ਅੱਜ ਇੱਥੋਂ ਦੇ ਸੈਕਟਰ-70 ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਰਤ ਸਾਧੂ ਸਮਾਜ ਦੇ ਜਨਰਲ ਸਕੱਤਰ ਮਹੰਤ ਜਸਬੀਰ ਦਾਸ ਨੇ ਮੰਦਰ ਦੀ ਉਸਾਰੀ ਹੋਣ ਤੱਕ ਭਗਵਾਨ ਸ੍ਰੀ ਰਾਮ ਦੀ ਫੋਟੋ (ਮੂਰਤੀ) ਨੂੰ ਸੋਨੇ ਦੀ ਪਰਤ ਚੜ੍ਹਾ ਕੇ ਆਰਜ਼ੀ ਲੱਕੜ ਦੇ ਮੰਦਰ ਵਿੱਚ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰ ਨਿਰਮਾਣ ਵਿੱਚ ਸਿਆਸੀ ਦਖ਼ਲਅੰਦਾਜ਼ੀ ਬਿਲਕੁਲ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਦਰ ਦਾ ਨਿਰਮਾਣ ਕਰਦੀ ਹੈ ਤਾਂ ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਵਸੂਲੀ ਮਾਇਆ ਨੂੰ ਉਸਾਰੀ ਕੰਮਾਂ ’ਤੇ ਖਰਚਿਆ ਜਾਵੇਗਾ। ਜੋ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਲੋਕਾਂ ਤੋਂ ਵਸੂਲੀ ਟੈਕਸ ਵਿੱਚ ਗਊ ਮਾਸ, ਗਊ ਸੈੱਸ, ਸ਼ਰਾਬ ਦਾ ਟੈਕਸ ਅਤੇ ਹੋਰ ਟੈਕਸਾਂ ਦਾ ਪੈਸਾ ਸ਼ਾਮਲ ਹੁੰਦਾ ਹੈ। ਇਸ ਨਾਲ ਮੰਦਰ ਦੀ ਪਵਿੱਤਰਤਾ ਭੰਗ ਹੋਣ ਦਾ ਖ਼ਦਸ਼ਾ ਹੈ। ਲਿਹਾਜ਼ਾ ਇਸ ਮਾਮਲੇ ਨੂੰ ਧਾਰਮਿਕ ਪੱਖ ਤੋਂ ਵਾਚਦਿਆਂ ਮੰਦਰ ਨਿਰਮਾਣ ਦਾ ਕੰਮ ਸਾਧੂ ਸੰਤਾਂ ਦੇ ਹਵਾਲੇ ਕੀਤਾ ਜਾਵੇ। ਹਾਂ ਸਰਕਾਰ ਨਿਰਮਾਣ ਕਾਰਜਾਂ ਦੀ ਨਜਰਸ਼ਾਨੀ ਕਰਦੀ ਹੈ।
ਮਹੰਤ ਜਸਬੀਰ ਦਾਸ ਨੇ ਕਿਹਾ ਕਿ ਜਿਸ ਸਮੇਂ ਅਯੋਧਿਆ ਵਿੱਚ ਗੁੰਬਦ ਢਾਹਿਆ ਗਿਆ ਸੀ ਉਸ ਸਮੇਂ ਕੁਝ ਰਾਜਸੀ ਪਾਰਟੀਆਂ ਨੇ ਲੋਕਾਂ ਤੋਂ ਰਾਮ ਮੰਦਰ ਦੀ ਉਸਾਰੀ ਲਈ ਚੰਦਾ ਇਕੱਠਾ ਕੀਤਾ ਸੀ ਅਤੇ ਕਾਫੀ ਰਾਮ ਭਗਤਾਂ ਨੇ ਸੋਨੇ ਦੀਆਂ ਇੱਟਾਂ ਵੀ ਦਾਨ ਵਿੱਚ ਦਿੱਤੀਆਂ ਸਨ। ਇਹ ਸਾਰਾ ਸੋਨਾ ਅਤੇ ਚੰਦਾ ਰਾਮ ਮੰਦਰ ਦੀ ਉਸਾਰੀ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਰਾਜਸੀ ਪਾਰਟੀਆਂ ਸੋਨਾ ਅਤੇ ਚੰਦਾ ਨਹੀਂ ਦਿੰਦੀਆਂ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਪਾਸੇ ਤੁਰੰਤ ਧਿਆਨ ਨਹੀਂ ਦਿੱਤਾ ਤਾਂ ਇਨਸਾਫ਼ ਪ੍ਰਾਪਤੀ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਤੋਂ 15 ਦਸੰਬਰ ਤੱਕ ਅਹਿਮਦਾਬਾਦ ਵਿੱਚ ਭਾਰਤ ਸਾਧੂ ਸਮਾਜ ਅਤੇ ਮਹਾਤਮਾਵਾਂ ਦੀ ਹੰਗਾਮੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਇਸ ਮੌਕੇ ਮਹੰਤ ਮਨੋਹਰ ਦਾਸ, ਮਹੰਤ ਭਗਵਾਨ ਗਿਰੀ, ਮਹੰਤ ਵਿਵੇਕ ਦਾਸ, ਮਹੰਤ ਸੁਰੇਸ਼ ਅਨੰਦ, ਸ੍ਰੀਮਤੀ ਭਵਨੀਤ ਮਹੰਤ, ਕੇਵਲ ਕ੍ਰਿਸ਼ਨ, ਵਕੀਲ ਹਰਦੀਪ ਸ਼ਰਮਾ, ਹੈਰੀ ਗਿੱਲ, ਅਭੀ ਸ਼ਰਮਾ ਸਮੇਤ ਹੋਰ ਸਾਧੂ ਮਹਾਤਮਾ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …