
ਆਯੁਰਵੇਦ ਇਲਾਜ ਪ੍ਰਣਾਲੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਆਯੂਸ਼ ਪੈਦਲ ਮਾਰਚ’
23 ਅਕਤੂਬਰ ਨੂੰ ਮਨਾਇਆ ਜਾਵੇਗਾ ‘ਆਯੁਰਵੈਦਾਂ ਦਿਵਸ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
‘ਹਰ ਦਿਨ-ਹਰ ਘਰ ਆਯੁਰਵੈਦਿਕ ਥੀਮ ਦੇ ਤਹਿਤ ਆਯੁਰਵੇਦ ਇਲਾਜ ਪ੍ਰਣਾਲੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਮੁਹਾਲੀ ਵਿਖੇ ‘ਆਯੂਸ਼ ਪੈਦਲ ਮਾਰਚ’ ਕੱਢਿਆ ਗਿਆ। ਇਸ ਪੈਦਲ ਮਾਰਚ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 23 ਅਕਤੂਬਰ ਨੂੰ ‘ਆਯੁਰਵੈਦਾਂ ਦਿਵਸ’ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਨਿਸਟਰੀ ਆਫ਼ ਆਯੂਸ਼ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸਾਂ ਹੇਠ ‘‘ਹਰ ਦਿਨ-ਹਰ ਘਰ ਆਯੁਰਵੈਦਿਕ ਥੀਮ ਦੇ ਤਹਿਤ 23 ਅਕਤੂਬਰ ਆਯੁਰਵੈਦਾਂ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਯੁਰਵੇਦ ਸਬੰਧੀ ਜਾਗਰੂਕਤਾ ਲਈ ਸਿਵਲ ਡਿਸਪੈਂਸਰੀ ਕੰਪਲੈਕਸ ਫੇਜ਼-9 ਤੋਂ ਸਿਲਵੀ ਪਾਰਕ ਫੇਜ਼-10 ਤੱਕ ਆਯੂਸ਼ ਪੈਦਲ ਮਾਰਚ ਕੀਤਾ ਗਿਆ।
ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੈਦਲ ਮਾਰਚ ਰਾਹੀਂ ਆਯੁਰਵੈਦਿਕ ਮੈਡੀਕਲ ਅਫ਼ਸਰ, ਉਪਵੈਦ ਅਤੇ ਸਮੂਹ ਸਟਾਫ਼ ਵੱਲੋਂ ਆਯੁਰਵੈਦ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਬੈਨਰ ਦਿਖਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ‘‘ਹਰ ਦਿਨ-ਹਰ ਘਰ ਆਯੁਰਵੈਦਿਕ ਥੀਮ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਲੈਕਚਰ, ਜਾਗਰੂਕਤਾ ਕੈਂਪ ਲਗਾ ਕੇ ਮੈਡੀਸਨਲ ਪਲਾਂਟਸ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।