Share on Facebook Share on Twitter Share on Google+ Share on Pinterest Share on Linkedin ਗਊਸ਼ਾਲਾ ਵਿਵਾਦ: ਆਜ਼ਾਦ ਗਰੁੱਪ ਅਤੇ ਕੇਸਰ ਸਿੰਘ ਦੇ ਸਮਰਥਕਾਂ ਵੱਲੋਂ ਬਲੌਂਗੀ ਥਾਣੇ ਦਾ ਘਿਰਾਓ ਜ਼ਮੀਨ ਵਿਵਾਦ ਮਾਮਲੇ ਵਿੱਚ ਪਟੀਸ਼ਨਰ ਅਤੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਇਕ ਦੂਜੇ ’ਤੇ ਦੂਸ਼ਣਬਾਜ਼ੀ, ਮੇਅਰ ਨੇ ਦੋਸ਼ ਨਕਾਰੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ: ਇੱਥੋਂ ਦੇ ਨਜ਼ਦੀਕੀ ਕਸਬਾਨੁਮਾ ਪਿੰਡ ਬਲੌਂਗੀ ਦੀ 10 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ਨੂੰ ਲੀਜ਼ ’ਤੇ ਲੈ ਕੇ ਗਊਸ਼ਾਲਾ ਬਣਾਉਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਅੱਜ ਦੇਰ ਸ਼ਾਮ ਨੂੰ ਇਸ ਕੇਸ ਦੇ ਪਟੀਸ਼ਨਰ ਅਤੇ ਗਊਸ਼ਾਲਾ ਦੇ ਮਜ਼ਦੂਰਾਂ ਵਿੱਚ ਝਗੜਾ ਹੋਣ ਦੇ ਮਾਮਲੇ ’ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਆਜ਼ਾਦ ਗਰੁੱਪ ਅਤੇ ਕੇਸਰ ਸਿੰਘ ਦੇ ਸਮਰਥਕਾਂ ਨੇ ਬਲੌਂਗੀ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਬਲੌਂਗੀ ਦੇ ਸਾਬਕਾ ਪੰਚ ਕੇਸਰ ਸਿੰਘ (ਜਿਸ ਨੇ ਗਊਸ਼ਾਲਾ ਨੂੰ ਸ਼ਾਮਲਾਤ ਜ਼ਮੀਨ ਲੀਜ਼ ’ਤੇ ਦੇਣ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ) ਅਤੇ ਮੌਜੂਦਾ ਪੰਚ ਜਰਨੈਲ ਸਿੰਘ ਨੂੰ ਬਲੌਂਗੀ ਪੁਲੀਸ ਨੇ ਕਥਿਤ ਸ਼ਰਾਬੀ ਹਾਲਤ ਵਿੱਚ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਸ਼ਰਾਬ ਦੇ ਨਸ਼ੇ ਵਿੱਚ ਗਊਸ਼ਾਲਾ ਅੰਦਰ ਦਾਖ਼ਲ ਹੋਏ ਅਤੇ ਉੱਥੇ ਕਰਮਚਾਰੀਆਂ ਨੂੰ ਕੰਮ ਬੰਦ ਕਰਕੇ ਉੱਥੋਂ ਭੱਜ ਜਾਣ ਲਈ ਕਹਿੰਦਿਆਂ ਉਨ੍ਹਾਂ ਨਾਲ ਖਹਿਬੜਨਾ ਸ਼ੁਰੂ ਕਰ ਦਿੱਤਾ। ਉਧਰ, ਦੂਜੇ ਪਾਸੇ ਕੇਸਰ ਸਿੰਘ ਪੁੱਤਰ ਸੁੱਖੀ ਬਲੌਂਗੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਉਸ ਦਾ ਪਿਤਾ ਅਤੇ ਪੰਚ ਜਰਨੈਲ ਸਿੰਘ ਮੁਹਾਲੀ ਅਦਾਲਤ ’ਚੋਂ ਵਾਪਸ ਆਪਣੇ ਘਰ ਪਿੰਡ ਬਲੌਂਗੀ ਆ ਰਹੇ ਸੀ ਕਿ ਰਸਤੇ ਵਿੱਚ ਸ਼ਮਸ਼ਾਨਘਾਟ ਦੇ ਨੇੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਦੇ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਫੜ ਕੇ ਗਊਸ਼ਾਲਾ ਅੰਦਰ ਲੈ ਗਏ। ਜਿੱਥੇ ਉਨ੍ਹਾਂ ਨੇ ਉਸ ਦੇ ਪਿਤਾ ਦੇ ਮੂੰਹ ਵਿੱਚ ਜ਼ਬਰਦਸਤੀ ਸ਼ਰਾਬ ਪਾਈ ਗਈ ਜਦੋਂਕਿ ਜਰਨੈਲ ਸਿੰਘ ਨੂੰ ਧੋਖੇ ਨਾਲ ਕੋਲਡਡਰਿੰਕ ਵਿੱਚ ਸ਼ਰਾਬ ਮਿਲਾ ਕੇ ਪਿਲਾਈ ਗਈ ਅਤੇ ਬਾਅਦ ਵਿੱਚ ਖ਼ੁਦ ਹੀ ਪੁਲੀਸ ਨੂੰ ਮੌਕੇ ’ਤੇ ਸੱਦ ਲਿਆ। ਸੁੱਖੇ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਸੂਰ ਸਿਰਫ਼ ਏਨਾ ਹੀ ਹੈ ਉਨ੍ਹਾਂ ਨੇ ਸਿੱਧੂ ਭਰਾਵਾਂ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ ਸਮੇਤ ਗਰਾਮ ਪੰਚਾਇਤ ਬਲੌਂਗੀ ਅਤੇ ਗਊਸ਼ਾਲਾ ਦੇ ਟਰੱਸਟੀਆਂ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ 25 ਨਵੰਬਰ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਧੱਕੇ ਨਾਲ ਸ਼ਰਾਬ ਪਿਲਾਉਣ ਅਤੇ ਉਨ੍ਹਾਂ ਨੂੰ ਗਊਸ਼ਾਲਾ ਵਿੱਚ ਫੜ ਕੇ ਲਿਜਾਉਣ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਕੇਸਰ ਸਿੰਘ ਅਤੇ ਜਰਨੈਲ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਇਹ ਦੋਵੇਂ ਆਪਣੀ ਕਾਰ ਵਿੱਚ ਗਊਸ਼ਾਲਾ ਅੰਦਰ ਆਏ ਅਤੇ ਉੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਕੰਮ ਬੰਦ ਕਰਨ ਲਈ ਆਖਦਿਆਂ ਬਹਿਸਣ ਲੱਗ ਪਏ। ਨਸ਼ੇ ਵਿੱਚ ਟੱਲੀ ਇਨ੍ਹਾਂ ਦੋਵਾਂ ਨੇ ਗਊਸ਼ਾਲਾ ਦੇ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਅਤੇ ਗਊਆਂ ਦੇ ਰੱਸੇ ਖੋਲ੍ਹਣ ਦਾ ਯਤਨ ਕੀਤਾ। ਜਿਸ ਕਾਰਨ ਗਊਆਂ ਦੀ ਦੇਖਭਾਲ ਕਰਦੇ ਕਾਮਿਆਂ ਨੇ ਪੁਲੀਸ ਨੂੰ ਇਤਲਾਹ ਦਿੱਤੀ ਗਈ। ਸੂਚਨਾ ਮਿਲਦੇ ਹੀ ਬਲੌਂਗੀ ਪੁਲੀਸ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਾਰ ਹੁਣ ਵੀ ਗਊਸ਼ਾਲਾ ਵਿੱਚ ਖੜੀ ਹੈ। ਇਸ ਸਬੰਧੀ ਬਲੌਂਗੀ ਥਾਣਾ ਦੇ ਐਸਐਚਓ ਰਾਜਪਾਲ ਸਿੰਘ ਗਿੱਲ ਨੇ ਕਿਹਾ ਕਿ ਕੇਸਰ ਸਿੰਘ ਅਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕੇਸਰ ਸਿੰਘ ਅਤੇ ਉਸ ਦੇ ਸਾਥੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਸਰ ਸਿੰਘ ਅਤੇ ਉਸ ਦੇ ਸਾਥੀ ਦੇ ਖੂਨ ਅਤੇ ਪਿਸ਼ਾਬ ਦੀ ਜਾਂਚ ਲਈ ਸੈਂਪਲ ਲਏ ਗਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕਰਨ ਦਾ ਯਤਨ ਕੀਤਾ ਕਿ ਉਕਤ ਦੋਵੇਂ ਵਿਅਕਤੀ ਆਪਣੀ ਕਾਰ ਗਊਸ਼ਾਲਾ ਗਏ ਸੀ ਅਤੇ ਉੱਥੇ ਉਨ੍ਹਾਂ ਨੇ ਝਗੜਾ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਧਰ, ਕੇਸਰ ਸਿੰਘ ਦੇ ਸਮਰਥਕਾਂ ਅਤੇ ਆਜ਼ਾਦ ਗਰੁੱਪ ਦੇ ਮੈਂਬਰਾਂ ਨੇ ਬਲੌਂਗੀ ਥਾਣੇ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਨਾਅਰੇਬਾਜ਼ੀ ਕਰ ਰਹੇ ਵਿਅਕਤੀਆਂ ਨੇ ਸਾਬਕਾ ਪੰਚ ਕੇਸਰ ਸਿੰਘ ਅਤੇ ਜਰਨੈਲ ਸਿੰਘ ਨੂੰ ਤੁਰੰਤ ਰਿਹਾਅ ਕਰਨ ਅਤੇ ਗਊਸ਼ਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਇਹ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ। ਕਈ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਬਾਅਦ ਵਿੱਚ ਪੁਲੀਸ ਨੇ ਧਾਰਾ 107\51 ਦਾ ਪਰਚਾ ਕੀਤਾ ਗਿਆ। ਪੁਲੀਸ ਅਨੁਸਾਰ ਕੇਸਰ ਸਿੰਘ ਅਤੇ ਜਰਨੈਲ ਸਿੰਘ ਨੂੰ ਭਲਕੇ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ