
ਆਜ਼ਾਦ ਗਰੁੱਪ ਨੇ ਪਿੰਡ ਮੋਟੇਮਾਜਰਾ ਦੇ ਨੌਜਵਾਨਾਂ ਨੂੰ ਦਿੱਤੀ ਕ੍ਰਿਕਟ ਕਿੱਟ
ਨੌਜਵਾਨ ਖੇਡ ਮੈਦਾਨ ਵਿੱਚ ਸਮਾਂ ਬਿਤਾਉਣ ਨੂੰ ਦੇਣ ਪਹਿਲ: ਸਰਬਜੀਤ ਸਮਾਣਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਨੌਜਵਾਨ ਪੀੜ੍ਹੀ ਨੂੰ ਮੌਜੂਦਾ ਦੌਰ ਵਿੱਚ ਆਪਣਾ ਸਮਾਂ ਖੇਡ ਮੈਦਾਨ ਵਿੱਚ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦੀ ਸਿਹਤ ਠੀਕ ਰਹੇ। ਦੂਜਾ ਆਪਣੇ ਉਜਵਲ ਭਵਿੱਖ ਅਤੇ ਸਮੇਂ ਦਾ ਹਾਣੀ ਬਣਨ ਲਈ ਉੱਚ ਸਿੱਖਿਆ ਹਰ ਹੀਲੇ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਗੱਲ ਪਿੰਡ ਮੋਟੇਮਾਜਰਾ (ਮੁਹਾਲੀ) ਵਿਖੇ ਨੌਜਵਾਨਾਂ ਨੂੰ ਕ੍ਰਿਕਟ ਕਿੱਟ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਗਰੁੱਪ ਦੇ ਕੌਂਸਲਰ ਅਤੇ ਯੂਥ ਆਗੂ ਸਰਬਜੀਤ ਸਿੰਘ ਸਮਾਣਾ ਨੇ ਆਖੀ।
ਇਸ ਮੌਕੇ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਆਜ਼ਾਦ ਗਰੁੱਪ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਆਪਣੇ ਵੱਲੋਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਕਿ ਕੱਲ੍ਹ ਦੇ ਨੇਤਾ ਨੌਜਵਾਨ ਪੀੜ੍ਹੀ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਇਸ ਮੌਕੇ ਪਿੰਡ ਮੋਟੇਮਾਜਰਾ ਦੇ ਨੌਜਵਾਨ ਗਗਨ ਸਿੰਘ, ਸਾਵਿੰਦਰ ਸਿੰਘ, ਮਨੀ ਸਿੰਘ, ਰਤਨ ਸਿੰਘ ਅਤੇ ਪਰਮਿੰਦਰ ਸਿੰਘ ਹਾਜ਼ਰ ਸਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਦੇਣ ਦਾ ਫ਼ੈਸਲਾ ਕੁਝ ਸਮਾਂ ਪਹਿਲਾਂ ਆਜ਼ਾਦ ਗਰੁੱਪ ਦੇ ਦਫ਼ਤਰ ਸੈਕਟਰ-79 ਵਿਖੇ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੇ ਵਿੱਚ ਕੀਤਾ ਗਿਆ ਸੀ। ਇਸ ਮੌਕੇ ਸਿਮਰਤ ਸਿੰਘ ਗਿੱਲ, ਜੈ ਪ੍ਰਤਾਪ ਸਿੰਘ ਕੰਗ, ਹਰਮਨ ਸਿੰਘ ਬੁੱਟਰ ਵੀ ਹਾਜ਼ਰ ਸਨ।
ਸਬੰਧਤ ਤਸਵੀਰ: ਨੌਜਵਾਨਾਂ ਨੂੰ ਕ੍ਰਿਕਟ ਕਿੱਟ ਦਿੰਦੇ ਹੋਏ ਆਜ਼ਾਦ ਗਰੁੱਪ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਹੋਰ।