ਆਖਰਕਾਰ ਆਜ਼ਾਦ ਗਰੁੱਪ ਦੀ ਮਹਿਲਾ ਆਗੂ ਡਾ. ਉਮਾ ਸ਼ਰਮਾ ਨੇ ਕਾਂਗਰਸ ਦਾ ਪੱਲਾ ਫੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਗਵਾਈ ਹੇਠ ਪੰਜਾਬ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਅੱਜ ਮੁਹਾਲੀ ਦੇ ਫੇਜ਼-1 ਵਿੱਚ ਆਯੋਜਿਤ ਸਮਾਗਮ ਦੌਰਾਨ ਦਰਜਨਾਂ ਦੀ ਗਿਣਤੀ ਵਿੱਚ ਮੁਹਾਲੀ ਵਾਸੀ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਸ੍ਰੀ ਸਿੱਧੂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਿੱਚ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਅੱਜ ਮੁਹਾਲੀ ਆਜ਼ਾਦ ਗਰੁੱਪ ਦੀ ਟਿਕਟ ’ਤੇ ਨਗਰ ਨਿਗਮ ਚੋਣਾਂ ਲੜ ਚੁੱਕੀ ਡਾ. ਉਮਾ ਸ਼ਰਮਾ ਆਪਣੇ ਦਰਜਨਾਂ ਹੋਰ ਸਾਥੀਆਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ ਸ੍ਰੀਮਤੀ ਸਰੋਜ ਸ਼ਰਮਾ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ, ਹਰਵਿੰਦਰਪਾਲ ਸਿੰਘ, ਦਰਸ਼ਨ ਸਿੰਘ ਸੈਣੀ, ਬਲਵੀਰ ਸਿੰਘ, ਤਿਲਕ ਰਾਜ ਮਲਹੋਤਰਾ, ਪ੍ਰਿਤਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਵੀ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਦਾ ਹੱਥ ਫੜਿਆ ਹੈ।
ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਹੈ। ਸ਼ਹਿਰ ਤੋਂ ਲੈ ਕੇ ਪਿੰਡਾਂ ਵਿੱਚ ਜੰਗੀ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਸਿਹਤ ਦਾ ਖੇਤਰ ਹੋਵੇ ਜਾਂ ਸਿੱਖਿਆ ਦਾ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਨੇ ਹਰ ਪਾਸੇ ਮੱਲਾਂ ਮਾਰੀਆਂ ਹਨ। ਮੁਹਾਲੀ ਵਿਖੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਲਦ ਹੀ ਸੈਕਟਰ-66 ਵਿੱਚ ਜ਼ਿਲ੍ਹਾ ਪੱਧਰੀ ਹਸਪਤਾਲ ਬਣਨ ਜਾ ਰਿਹਾ ਹੈ। ਜਿਸ ਲਈ ਗਮਾਡਾ ਨੇ 8.72 ਏਕੜ ਜ਼ਮੀਨ ਵੀ ਅਲਾਟ ਕਰ ਦਿੱਤੀ ਹੈ। ਸਰ ਤੋਂ ਇਲਾਵਾ ਸੈਕਟਰ-69 ਅਤੇ ਸੈਕਟਰ-79 ਵਿਖੇ ਡਿਸਪੈਂਸਰੀ ਅਤੇ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਜਾ ਰਿਹਾ ਹੈ। ਮੈਡੀਕਲ ਹੱਬ ਵਜੋਂ ਜਾਣੇ ਜਾਂਦੇ ਮੁਹਾਲੀ ਵਿੱਚ ਮੈਡੀਕਲ ਕਾਲਜ ਵੀ ਇਸ ਸਾਲ ਸ਼ੁਰੂ ਹੋ ਜਾਵੇਗਾ। ਇਹੀ ਨਹੀਂ ਆਯੂਰਵੈਦਿਕ ਕਾਲਜ ਅਤੇ ਬੀਐਸਸੀ ਨਰਸਿੰਗ ਕਾਲਜ ਵੀ ਜਲਦ ਖੁੱਲ੍ਹ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਇਰਾਦਿਆਂ ਤੋਂ ਲੋਕ ਭਲੀਭਾਂਤੀ ਜਾਣੂ ਹਨ, ਦੋਵਾਂ ਪਾਰਟੀਆਂ ਕੋਲ ਕੋਈ ਵੀ ਮੁੱਦਾ ਨਹੀਂ ਹੈ। ਕੇਂਦਰ ਸਰਕਾਰ ਨੇ ਮੰਹਿਗਾਈ ਨਾਲ ਹਰ ਇੱਕ ਦਾ ਲੱਕ ਤੋੜ ਦਿੱਤਾ ਹੈ, ਉਧਰ, ਭਾਜਪਾ ਦੀ ‘ਬੀ’ ਟੀਮ ਆਮ ਆਦਮੀ ਪਾਰਟੀ ਵੀ ਮਹਿੰਗਾਈ ਦੇ ਮੁੱਦੇ ’ਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਵਿਕਾਸ ਕਾਰਜਾਂ ਦਾ ਕੰਮ ਇਸੇ ਤਰ੍ਹਾਂ ਤੇਜ਼ੀ ਨਾਲ ਚੱਲਦਾ ਰਹੇਗਾ। ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਡਾ. ਉਮਾ ਸ਼ਰਮਾ ਨੇ ਕਿਹਾ ਕਿ ਪਾਰਟੀ ਦੀ ਨੀਤੀ ਅਤੇ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਨੂੰ ਦੇਖ ਅੱਜ ਉਨਾਂ ਅਤੇ ਉਨਾਂ ਦੇ ਸਾਥੀਆਂ ਨੇ ਕਾਂਗਰਸ ਦਾ ਹੱਥ ਫੜਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਕਾਂਗਰਸ ਆਗੂ ਜੀ.ਐਸ. ਰਿਆੜ, ਬਲਾਕ ਕਾਂਗਰਸੀ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਕੌਂਸਲਰ ਰਵਿੰਦਰ ਸਿੰਘ ਪੰਜਾਬ ਮੋਟਰ ਵਾਲੇ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਵਰਨ ਸਿੰਘ ਚੰਨੀ, ਜਨਰਲ ਸਕੱਤਰ ਦਰਸ਼ਨ ਸਿੰਘ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…