ਆਜ਼ਾਦ ਗਰੁੱਪ ਵੱਲੋਂ ਕੱਚੇ ਅਧਿਆਪਕਾਂ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਖੁੱਲ੍ਹਾ ਸਮਰਥਨ

ਆਜ਼ਾਦ ਗਰੁੱਪ ਦੀਆਂ ਮੌਜੂਦਾ ਕੌਂਸਲਰਾਂ ਤੇ ਸਾਬਕਾ ਮਹਿਲਾ ਕੌਂਸਲਰਾਂ ਨੇ ਦੋਵੇਂ ਧਰਨਿਆਂ ’ਚ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਆਜ਼ਾਦ ਗਰੁੱਪ ਦੀਆਂ ਮੌਜੂਦਾ ਕੌਂਸਲਰਾਂ ਅਤੇ ਸਾਬਕਾ ਮਹਿਲਾ ਕੌਂਸਲਰਾਂ ਨੇ ਅੱਜ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦੇ ਬਾਹਰ ਪਿਛਲੇ ਕਾਫ਼ੀ ਦਿਨਾਂ ਤੋਂ ਲੜੀਵਾਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਮੌਕੇ ਆਜ਼ਾਦ ਕੌਂਸਲਰ ਗੁਰਮੀਤਕੌਰ ਸੈਣੀ, ਰਮਨਦੀਪ ਕੌਰ ਕੁੰਭੜਾ, ਕਰਮਜੀਤ ਕੌਰ, ਹਰਜਿੰਦਰ ਕੌਰ, ਅਰੁਣਾ ਸ਼ਰਮਾ, ਰਾਜਵੀਰ ਕੌਰ ਗਿੱਲ ਅਤੇ ਸਾਬਕਾ ਕੌਂਸਲਰ ਉਪਿੰਦਰਜੀਤ ਕੌਰ ਗਿੱਲ, ਰਜਨੀ ਗੋਇਲ ਅਤੇ ਸਮਾਜ ਸੇਵੀ ਹਰਵਿੰਦਰ ਸਿੰਘ ਸੈਣੀ, ਅੰਜਲੀ ਸਿੰਘ ਨੇ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਰੋਸਾ ਦਿੱਤਾ ਕਿ ਇਨਸਾਫ਼ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ ਵਿੱਢੇ ਜਾਣ ਵਾਲੇ ਅਗਲੇ ਸੰਘਰਸ਼ ਨੂੰ ਪੂਰਨਾ ਸਮਰਥਨ ਦਿੱਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਆਜ਼ਾਦ ਗਰੁੱਪ ਵੀ ਧਰਨੇ ’ਤੇ ਬੈਠੇਗਾ ਅਤੇ ਕਾਨੂੰਨੀ ਚਾਰਾਜੋਈ ਤੋ ਵੀ ਪਿੱਛੇ ਨਹੀਂ ਹਟੇਗਾ।
ਇਸ ਮੌਕੇ ਰਿਵਾਈਜ਼ਡ ਟੈੱਟ-2011 ਦੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪ੍ਰਧਾਨ ਇੰਦਰਪਾਲ ਕੌਰ, ਅਮਰਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2011 ਵਿੱਚ ਲਏ ਅਧਿਆਪਕ ਯੋਗਤਾ ਟੈੱਸਟ ਵਿੱਚ ਚਾਰ ਸਵਾਲ ਗਲਤ ਪਾਏ ਗਏ ਸਨ। ਇਸ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ। ਅਦਾਲਤ ਨੇ ਅਕਤੂਬਰ 2017 ਵਿੱਚ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਜਾਣ ਉਪਰੰਤ ਅਧਿਆਪਕਾਂ ਨੂੰ ਚਾਰ ਅੰਕ ਦੇ ਕੇ ਸੋਧੇ ਹੋਏ ਨਤੀਜੇ ਦਾ ਐਲਾਨ ਕੀਤਾ ਗਿਆ ਸੀ, ਪ੍ਰੰਤੂ ਹੁਣ ਤੱਕ ਉਨ੍ਹਾਂ ਨੂੰ ਨੌਕਰੀ ਨਹੀ ਮਿਲੀ।

ਉਧਰ, ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਦਵਿੰਦਰ ਸਿੰਘ ਸੰਧੂ, ਗਗਨਦੀਪ ਕੌਰ ਅਬੋਹਰ, ਹਰਪ੍ਰੀਤ ਸਿੰਘ ਜਲੰਧਰ, ਵੀਰਪਾਲ ਕੌਰ ਸਿਧਾਣਾ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਨੇ ਕਿਹਾ ਕਿ ਆਉਂਦੇ ਬੁੱਧਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਜੇਕਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਹੋਰ ਜਾਇਜ਼ ਮੰਗਾਂ ਮੰਨਣ ਦਾ ਫੈਸਲਾ ਨਹੀਂ ਲਿਆ ਜਾਂਦਾ ਤਾਂ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ ਅਤੇ ਗੁਪਤ ਐਕਸ਼ਨ ਉਲੀਕੇ ਜਾਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਉਧਰ, ਅੱਤ ਗਰਮੀ ਵਿੱਚ ਕੱਚੇ ਅਧਿਆਪਕ ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ, ਰਾਜਾ ਅੌਲਖ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ।

Load More Related Articles
Load More By Nabaz-e-Punjab
Load More In Campaign

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…