
ਆਜ਼ਾਦ ਗਰੁੱਪ ਨੇ ਫੇਜ਼-11 ਦੀ ਮਾਰਕੀਟ ਤੇ ਰਿਹਾਇਸ਼ੀ ਖੇਤਰ ਨੂੰ ਕੀਤਾ ਸੈਨੇਟਾਈਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਨੂੰ ਸੈਨੇਟਾਈਜ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਅੱਜ ਇੱਥੋਂ ਦੇ ਫੇਜ਼-11 ਦੀ ਮਾਰਕੀਟ ਅਤੇ ਰਿਹਾਇਸ਼ੀ ਖੇਤਰ ਨੂੰ ਸੈਨੇਟਾਈਜ਼ ਕੀਤਾ ਗਿਆ। ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਮੁਹਾਲੀ ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਪ੍ਰੰਤੂ ਸਿਹਤ ਵਿਭਾਗ ਅਤੇ ਮੁਹਾਲੀ ਪ੍ਰਸ਼ਾਸਨ ਜਾਂ ਹੁਕਮਰਾਨਾਂ ਵੱਲੋਂ ਸ਼ਹਿਰ ਨੂੰ ਸੈਨੇਟਾਈਜ ਨਹੀਂ ਕੀਤਾ ਜਾ ਰਿਹਾ ਹੈ ਪ੍ਰੰਤੂ ਹੁਣ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪਹਿਲਕਦਮੀ ਕਰਦਿਆਂ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਇਸ ਮਹਾਮਾਰੀ ਤੋਂ ਕੁੱਝ ਹੱਦ ਤੱਕ ਬਚਾਅ ਦੀ ਆਸ ਬੱਝੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਵੀ ਟੀਮਾਂ ਭੇਜ ਕੇ ਸੈਨੇਟਾਈਜ ਕੀਤਾ ਜਾਵੇਗਾ। ਇਸ ਮੌਕੇ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਫੂਲਰਾਜ ਸਿੰਘ, ਕੈਪਟਨ ਕਰਨੈਲ ਸਿੰਘ, ਬੀਰਦਵਿੰਦਰ ਸਿੰਘ, ਤਰਨਜੀਤ ਸਿੰਘ, ਮਨਪ੍ਰੀਤ ਕੌਰ, ਰਮਨਦੀਪ ਅਰੋੜਾ ਤੇ ਹੋਰ ਪਤਵੰਤੇ ਹਾਜ਼ਰ ਸਨ।