ਉੱਘੇ ਕਾਲਮਨਵੀਸ ਤੇ ਪੱਤਰਕਾਰ ਗੁਰਪ੍ਰੀਤ ਨਿਆਮੀਆਂ ਦੀ ਪੁਸਤਕ ‘ਬਾਬਾ ਬੰਦਾ ਸਿੰਘ ਬਹਾਦਰ ਇੱਕ ਲਾਸਾਨੀ ਯੋਧਾ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਪੰਜਾਬੀ ਪੁਆਧੀ ਸੱਥ ਮੁਹਾਲੀ ਵੱਲੋਂ ਉੱਘੇ ਕਾਲਮਨਵੀਸ ਅਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਪੁਸਤਕ ‘ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਯੋਧਾ’ (ਜੀਵਨੀ) ਨੂੰ ਲੋਕ ਅਰਪਣ ਕਰਨ ਲਈ ਅੱਜ ਇੱਥੋਂ ਦੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿਖੇ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਨਾਮਵਰ ਨਾਟਕਕਾਰ ਅਤੇ ਨਾਟ ਨਿਰਦੇਸ਼ਕ ਡਾ. ਆਤਮਜੀਤ, ਸੱਥ ਦੇ ਮੁਖੀ ਅਤੇ ਸ਼੍ਰੋਮਣੀ ਲੇਖਕ ਮਨਮੋਹਨ ਸਿੰਘ ਦਾਊਂ, ਮੁਹਾਲੀ ਦੇ ਐਸ.ਪੀ. (ਸਿਟੀ) ਜਗਜੀਤ ਸਿੰਘ ਜੱਲ੍ਹਾ, ਨਰਸਿੰਗ ਕਾਲਜ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੁੰਦਿਆਂ ਪੁਸਤਕ ਰਿਲੀਜ਼ ਕਰਨ ਦੀ ਰਸਮ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਪੱਤਰਕਾਰ ਅਤੇ ਨਰਸਿੰਗ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ।
ਨਵ ਪ੍ਰਕਾਸ਼ਿਤ ਪੁਸਤਕ ਸਬੰਧੀ ਪੁਆਧੀ ਦੇ ਨਾਮਵਰ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਨੇ ਠੇਠ ਪੰਜਾਬੀ ਵਿਚ ਪਰਚਾ ਪੜਦਿਆਂ ਪੁਸਤਕ ਨੂੰ ਖੋਜ ਭਰਪੂਰ ਗਾਥਾ ਦੱਸਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲੋਕ ਸੰਪਰਕ ਅਫ਼ਸਰ ਅਤੇ ਪੰਖੜੀਆਂ ਦੇ ਸੰਪਾਦਕ ਕੋਮਲ ਸਿੰਘ ਨੇ ਪੁਸਤਕ ’ਤੇ ਪਰਚਾ ਪੜਦਿਆਂ ਇਸ ਦੀ ਵੱਖ-ਵੱਖ ਪੱਖਾਂ ਤੋਂ ਸਰਾਹਨਾ ਕੀਤੀ। ਦਲਜੀਤ ਕੌਰ ਦਾਊਂ ਨੇ ਵੀ ਪੁਸਤਕ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਕ ਵਲੋਂ ਸਰਲ ਭਾਸ਼ਾ ਵਿਚ ਰਚੀ ਵਾਰਤਕ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਡਾ. ਕਰਨੈਲ ਸਿੰਘ ਸੋਮਲ ਨੇ ਵੀ ਪੁਸਤਕ ਪ੍ਰਸੰਸਾ ਕੀਤਾ। ਡਾ. ਆਤਮਜੀਤ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਨਿਆਮੀਆਂ ਨੂੰ ਆਪਣਾ ਚਹੇਤਾ ਵਿਦਿਆਰਥੀ ਦੱਸਦਿਆਂ ਇਤਿਹਾਸਕ ਪੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅਤੇ ਕਾਰਜ ਬਾਰੇ ਕੁੰਜੀਵਤ ਭਾਸ਼ਨ ਦਿੱਤਾ। ਪੰਜਾਬੀ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਨੇ ਸੱਥ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਪ੍ਰਧਾਨਗੀ ਮੰਡਲ ਅਤੇ ਪੇਪਰ ਪੜਨ ਵਾਲਿਆਂ ਦਾ ਸਨਮਾਨ ਕੀਤਾ। ਇਸ ਮੌਕੇ ਸੱਥ ਵਲੋਂ ਗੁਰਪ੍ਰੀਤ ਸਿੰਘ ਨਿਆਮੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ’ਤੇ ਆਸਟੇ੍ਰਲੀਆ ਤੋਂ ਆਏ ਡਾ. ਹਰਜਿੰਦਰ ਸਿੰਘ ਢੀਂਡਸਾ ਨੇ ਆਪਣੀ ਭਰਪੂਰ ਹਾਜ਼ਰੀ ਲਵਾਈ। ਡਾ. ਢੀਂਡਸਾ ਆਸਟੇ੍ਰਲੀਆ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਹਨ। ਆਲ ਇੰਡੀਆ ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਆਪਣੇ ਕਈ ਸਹਿਕਰਮਰੀਆਂ ਨਾਲ ਪੁਸਤਕ ਰਿਲੀਜ਼ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਬਾਲ ਸਾਹਿਤ ਲੇਖਕ ਦਰਸ਼ਨ ਸਿੰਘ ਬਨੂੜ ਦੀ ਖੂਬਸੂਰਤ ਮੰਚ ਸੰਚਾਲਨਾ ਹੇਠ ਇਸ ਮੌਕੇ ਹੋਏ ਕਵੀ ਦਰਬਾਰ ਵਿਚ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮਗਰੋਂ ਧਿਆਨ ਸਿੰਘ ਕਾਹਲੋਂ, ਸੇਵੀ ਰਾਇਤ, ਕਸ਼ਮੀਰ ਕੌਰ ਸੰਧੂ, ਪਰਸ ਰਾਮ ਸਿੰਘ ਬੱਧਣ, ਬਲਜੀਤ ਮਰਵਾਹਾ, ਗੁਰਦਰਸ਼ਨ ਸਿੰਘ ਮਾਵੀ, ਤੇਜਾ ਸਿੰਘ ਥੂਹਾ, ਆਰ.ਕੇ. ਭਗਤ, ਕਰਮਜੀਤ ਸਿੰਘ ਬੱਗਾ ਆਦਿ ਨੇ ਕਵਿਤਾਵਾਂ, ਗੀਤ ਤੇ ਗਜ਼ਲਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਤਾਬ ਸਬੰਧੀ ਆਏ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਲਿਖਤਾਂ ਜਾਰੀ ਰੱਖਣ ਦੀ ਗੱਲ ਆਖੀ। ਇਸ ਮੌਕੇ ਏਅਰਪੋਰਟ ਥਾਣਾ ਦੇ ਐਸਐਚਓ ਇੰਸਪੈਕਟਰ ਹਰਸਿਮਰਨ ਸਿੰਘ ਬੱਲ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਡਾ. ਹਰਜਿੰਦਰ ਸਿੰਘ ਢੀਂਡਸਾ, ਪ੍ਰੀਤਮ ਸਿੰਘ ਭੂਪਾਲ, ਲੈਕਚਰਾਰ ਹਰਨੇਕ ਸਿੰਘ, ਬਲਕਾਰ ਸਿੱਧੂ, ਪੁਆਧੀ ਗਾਇਕ ਸਮਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…