ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੀ ਸਹੀ ਤਰੀਕੇ ਨਾਲ ਸੰਭਾਲ ਕੀਤੀ ਜਾਵੇ: ਜਗਦੇਵ ਮਲੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ ਨੇ ਅੱਜ ਆਪ ਵਲੰਟੀਅਰਾਂ ਸਮੇਤ ਇੱਥੋਂ ਦੇ ਨੇੜਲੇ ਪਿੰਡ ਚੱਪੜਚਿੜੀ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਦਾ ਦੌਰਾ ਕੀਤਾ। ਇਸ ਇਤਿਹਾਸਕ ਯਾਦਗਾਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ। ਜਿਨ੍ਹਾਂ ਨੂੰ ਪੂਰਾ ਕਰਨ ਵਿੱਚ ਮੌਜੂਦਾ ਕਾਂਗਰਸ ਸਰਕਾਰ ਅਸਫਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਇਸ ਇਤਿਹਾਸਕ ਅਸਮਾਨ ’ਤੇ ਨਾ ਤਾਂ ਫੁੱਲ ਬੂਟਿਆਂ ਦੀ ਸਹੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇੱਥੇ ਉੱਪਰ ਜਾਣ ਲਈ ਲਿਫ਼ਟ ਆਦਿ ਦਾ ਕੋਈ ਪ੍ਰਬੰਧ ਹੈ। ਉਹਨਾਂ ਮੰਗ ਕੀਤੀ ਕਿ ਇਹ ਇਤਿਹਾਸਿਕ ਯਾਦਗਾਰ ਦੀ ਸਹੀ ਤਰੀਕੇ ਨਾਲ ਸੰਭਾਲ ਕੀਤੀ ਜਾਵੇ। ਜਿਨ੍ਹਾਂ ਟਿੱਬਿਆਂ ’ਤੇ ਸ਼ਹੀਦਾਂ ਦੇ ਬੁੱਤ ਸੁਸ਼ੋਭਿਤ ਹਨ। ਉਨ੍ਹਾਂ ਦੀ ਮਿੱਟੀ ਖੁਰਨੀ ਸ਼ੁਰੂ ਹੋ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂ ਜਗਦੇਵ ਸਿੰਘ ਮਲੋਆ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁੱਝ ਸ਼ਰਾਰਤੀ ਨੌਜਵਾਨਾਂ ਨੇ ਚੱਪੜਚਿੜੀ ਦੇ ਜੰਗੀ ਮੈਦਾਨ ਨੂੰ ਗੇੜੀ ਰੁਟ ਬਣਾ ਕੇ ਰੱਖ ਦਿੱਤਾ ਹੈ। ਜਦੋਂ ਕਿ ਇਸ ਪਵਿੱਤਰ ਅਸਥਾਨ ’ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪ ਵਾਲੰਟੀਅਰਾਂ ਨਾਲ ਜੰਗੀ ਯਾਦਗਾਰ ਦੇ ਦਰਸ਼ਨਾਂ ਲਈ ਪਹੁੰਚੇ ਤਾਂ ਉਨ੍ਹਾਂ ਨੇ ਦੇਖ਼ਿਆ ਕਿ ਜੰਗੀ ਯਾਦਗਾਰ ਦੇ ਬਾਹਰ ਅਤੇ ਖਾਲੀ ਮੈਦਾਨ ਨੌਜਵਾਨ ਲੜਕੇ ਲੜਕੀਆਂ ਦੇ ਜੋੜੇ ਬੈਠੇ ਹੋਏ ਸੀ ਜੋ ਇੱਥੇ ਨਤਮਸਤਕ ਹੋਣ ਨਹੀਂ ਆਏ ਸੀ ਬਲਕਿ ਐਸ਼ ਪ੍ਰਸਤੀ ਕਰਨ ਆਏ ਸੀ।
ਸ੍ਰੀ ਮਲੋਆ ਨੇ ਪੁਲੀਸ ਮੁਖੀ ਤੋਂ ਮੰਗ ਕੀਤੀ ਕਿ ਜੰਗੀ ਯਾਦਗਾਰ ਵਾਲੇ ਪਾਸੇ ਦਿਨ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ ਅਤੇ ਗੇੜੀ ਰੂਟ ਕਰਕੇ ਇੱਧਰ ਆਉਂਦੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਅਜਿਹੇ ਨੌਜਵਾਨ ਜੋੜਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਵੇ ਤਾਂ ਜੋ ਸ਼ਹੀਦਾਂ ਦੇ ਖੂਨ ਨਾਲ ਰੰਗੀ ਇਸ ਧਰਤੀ ਨੂੰ ਗੇੜੀ ਰੂਟ ਦੇ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…