ਬਾਬਾ ਗਾਜੀ ਦਾਸ ਕਲੱਬ ਨੇ 105 ਸਾਲਾ ਅਥਲੀਟ ਮਾਨ ਕੌਰ ਦੇ ਇਲਾਜ ਲਈ ਹਾਮੀ ਭਰੀ

ਕੇਂਦਰ ਤੇ ਪੰਜਾਬ ਸਰਕਾਰ ਨੇ ਇਲਾਜ ਲਈ ਖਰਚਾ ਨਹੀਂ ਚੁੱਕਿਆਂ ਤਾਂ ਕਲੱਬ ਚੁੱਕੇਗਾ ਪੁਰਾ ਖ਼ਰਚਾ: ਬਾਜਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
105 ਸਾਲਾ ਪ੍ਰਸਿੱਧ ਅਥਲੀਟ ਅਤੇ ਭਾਰਤ ਦੇ ਰਾਸ਼ਟਰਪਤੀ ਕੋਲੋਂ ਨਾਰੀ ਪੁਰਸਕਾਰ ਨਾਲ ਸਨਮਾਨਿਤ ਬੀਬੀ ਮਾਨ ਕੌਰ ਜੋ ਕਿ ਸਿਹਤ ਖਰਾਬ ਹੋਣ ਕਾਰਨ ਡੇਰਾਬੱਸੀ ਹਸਪਤਾਲ ਵਿਖੇ ਦਾਖ਼ਲ ਹਨ, ਉਨ੍ਹਾਂ ਦੇ ਇਲਾਜ ਲਈ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ (ਰੂਪਨਗਰ) ਵੱਲੋਂ 51000 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ। ਬੀਬੀ ਮਾਨ ਕੌਰ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਕਲੱਬ ਬੀਬੀ ਮਾਨ ਕੌਰ ਦੇ ਇਲਾਜ ਲਈ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗਾ।
ਉਨ੍ਹਾਂ ਕਿਹਾ ਕਿ ਬੀਬੀ ਮਾਨ ਕੌਰ ਨੇ ਸਾਡੇ ਦੇਸ਼ ਦਾ ਨਾਮ ਵਿਸ਼ਵ ਭਰ ਵਿੱਚ ਰੋਸ਼ਨ ਕੀਤਾ ਹੈ ਅਤੇ ਸਮੂਹ ਨਾਰੀ ਸ਼ਕਤੀ ਲਈ ਪ੍ਰਤੀਕ ਹੈ। ਉਨ੍ਹਾਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਥਲੀਟ ਬੀਬੀ ਮਾਨ ਕੌਰ ਦੇ ਇਲਾਜ ਦਾ ਖਰਚ ਚੁੱਕਣ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਬੀਬੀ ਮਾਨ ਕੌਰ ਦੇ ਇਲਾਜ ਲਈ ਖਰਚਾ ਨਹੀਂ ਚੁੱਕ ਸਕਦੀ ਤਾਂ ਉਨ੍ਹਾਂ ਦੇ ਕਲੱਬ ਵੱਲੋਂ ਇਲਾਜ ਲਈ ਖਰਚਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਮੂਹ ਲੋਕ ਬੀਬੀ ਮਾਨ ਕੌਰ ਤੇ ਮਾਣ ਕਰਦੇ ਹਨ, ਜਿਨ੍ਹਾਂ ਨੇ ਲੰਬੀ ਉਮਰ ਵਿੱਚ ਵੀ ਦੌੜ ਕੇ ਸਿਹਤਯਾਬੀ ਦਾ ਸਬੂਤ ਦਿੰਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਕਲੱਬ ਖਿਡਾਰੀਆਂ ਤੋਂ ਇਲਾਵਾ ਲੋੜਵੰਦਾਂ, ਵਿਧਵਾਵਾਂ ਅਤੇ ਹੋਰ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਤਹਿਤ ਵੀ ਬਾਬਾ ਗਾਜੀ ਦਾਸ ਕਲੱਬ ਵਲੋਂ ਲੰਗਰਾਂ ਦੀ ਸੇਵਾ ਅਤੇ ਕਿਸਾਨ ਅੰਦੋਲਨ ਦੌਰਾਨ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਸਿੱਕੇ ਦੇਣ ਤੋਂ ਇਲਾਵਾ ਹੋਰ ਮਾਲੀ ਮੱਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਲੱਬ ਦਾ ਮੁੱਖ ਮਕਸਦ ਸਮਾਜ ਨੂੰ ਉੱਚਾ ਚੁੱਕਣਾ ਹੈ ਅਤੇ ਹਰ ਲੋੜਵੰਦ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਕੇ ਉਨ੍ਹਾਂ ਦਾ ਜੀਵਨ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਲੋੜਵੰਦਾਂ ਅਤੇ ਜ਼ਰੂਰਤਮੰਦ ਖਿਡਾਰੀਆਂ ਦੀ ਮੱਦਦ ਲਈ ਕੰਮ ਕਰਦੇ ਰਹਾਂਗੇ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…